ਤਲਵੰਡੀ ਸਾਬੋ / ਕੁਲਬੀਰ ਬੀਰਾ:  ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਮੂੰਗੀ ਦੀ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੌੜ ਵੱਲੋਂ ਤਲਵੰਡੀ ਸਾਬੋ-ਬਠਿੰਡਾ ਸੜਕ ’ਤੇ ਸੰਕੇਤਕ ਜਾਮ ਲਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਅਰੇਬਾਜੀ ਕੀਤੀ। 


COMMERCIAL BREAK
SCROLL TO CONTINUE READING

ਰੋਸ ਪ੍ਰਦਰਸ਼ਨ ਤੋਂ ਬਾਅਦ ਵਧਾਈ ਗਈ ਸੀ ਮਿਆਦ
ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪਾਣੀ ਦੀ ਬੱਚਤ ਕਰਨ ਲਈ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਦਾ ਸੱਦਾ ਦਿੱਤਾ ਅਤੇ ਇਸ ਦੀ ਸਰਕਾਰੀ ਖ਼ਰੀਦ ਕਰਨ ਦੀ ਗਾਰੰਟੀ ਵੀ ਦਿੱਤੀ  ਪਰ ਸਰਕਾਰ ਦਾ ਫ਼ੈਸਲਾ ਮੰਨਦੇ ਹੋਏ ਕਿਸਾਨਾਂ ਵੱਲੋਂ ਬੀਜੀ ਹੋਈ ਮੂੰਗੀ ਦੀ ਫਸਲ ਅਜੇ ਪੂਰੀ ਮੰਡੀਆਂ ਵਿੱਚ ਆਈ ਨਹੀਂ  ਸੀ ਤਾਂ ਸਰਕਾਰ ਨੇ 31 ਜੁਲਾਈ ਤੋਂ ਬਾਅਦ ਮੂੰਗੀ ਨਾ ਖ਼ਰੀਦਣ ਦਾ ਐਲਾਨ ਕਰ ਦਿੱਤਾ, ਜਿਸ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਮਿਆਦ 10 ਅਗਸਤ ਤੱਕ ਵਧਾ ਦਿੱਤੀ ।


 


ਏਜੰਸੀਆਂ ਨਹੀਂ ਖ਼ਰੀਦ ਰਹੀਆਂ ਮੂੰਗੀ ਦੀ ਫ਼ਸਲ
ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਦਸ ਅਗਸਤ ਤੱਕ ਆਈ ਮੂੰਗੀ ਦੀ ਫ਼ਸਲ ਨੂੰ ਖਰੀਦ ਅਧਿਕਾਰੀਆਂ ਨੇ ਖ਼ਰੀਦਣ ਤੋਂ ਜਵਾਬ ਦੇ ਦਿੱਤਾ। ਇਸ ਸਮੱਸਿਆ ਨੂੰ ਲੈਕੇ ਪਹਿਲਾਂ ਵੀ ਤਲਵੰਡੀ ਸਾਬੋ ਦੇ ਐਸਡੀਐਮ ਨੂੰ ਕਿਸਾਨਾਂ ਇਕ ਵਫਦ ਮਿਲਿਆ ਸੀ। ਜਿਸ ’ਚ ਉਨ੍ਹਾਂ ਨੇ ਬਾਰਸ਼ ਮੂੰਗੀ ਦੀ ਫ਼ਸਲ ਵਿੱਚ ਸਿੱਲ੍ਹ ਅਤੇ ਦਾਗ਼ੀ ਦਾਣਿਆਂ ਵਿਚ ਛੋਟ ਦੇ ਕੇ ਖ਼ਰੀਦ ਕਰਨ ਲਈ ਕਿਹਾ ਸੀ ਪਰ ਹੁਣ ਖ਼ਰੀਦ ਏਜੰਸੀਆਂ ਮੂੰਗੀ ਦੀ ਫ਼ਸਲ ਖ਼ਰੀਦਣ ਤੋਂ ਜਵਾਬ ਦੇ ਰਹੀਆਂ ਹਨ। 


 


ਕਿਸਾਨਾਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਮੂੰਗੀ ਦੀ ਖਰੀਦ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਅੱਜ ਸੜਕ ਜਾਮ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਮੂੰਗੀ ਦੀ ਖਰੀਦ ਨਾ ਕੀਤੀ ਤਾ ਸ਼ਨੀਵਾਰ ਨੂੰ ਤਿੱਖੇ ਸੰਘਰਸ਼ ਰਾਹੀਂ  ਮੂੰਗੀ ਦੀ ਖਰੀਦ ਕਰਵਾਈ ਜਾਵੇਗੀ।