Punjab Cabinet: ਪੰਜਾਬ ਸਰਕਾਰ ਵੱਲੋਂ 1 ਮਈ ਦੀ ਛੁੱਟੀ ਦਾ ਐਲਾਨ, ਪੰਜਾਬ ਵਜ਼ਾਰਤ ਦੀ ਮੀਟਿੰਗ `ਚ ਲਏ ਹੋਰ ਅਹਿਮ ਫ਼ੈਸਲੇ
Punjab Cabinet: ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਅਹਿਮ ਫ਼ੈਸਲੇ ਲਏ ਗਏ।
Punjab Cabinet: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ‘ਸਰਕਾਰ ਆਪ ਦਾ ਦੁਆਰ’ ਮੁਹਿੰਮ ਤਹਿਤ ਚੰਡੀਗੜ੍ਹ ਤੋਂ ਬਾਹਰ ਇਹ ਪਹਿਲੀ ਕੈਬਨਿਟ ਮੀਟਿੰਗ ਹੈ।
ਇਸ ਤੋਂ ਬਾਅਦ ਮੰਤਰੀ ਅਧਿਕਾਰੀਆਂ ਦੇ ਨਾਲ ਲੋਕਾਂ ਨੂੰ ਮਿਲਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦਾ ਮੌਕੇ ਉਪਰ ਹੀ ਹੱਲ ਕੀਤਾ ਜਾਵੇਗਾ। ਮੀਟਿੰਗ ਵਿੱਚ ਲੋਕਲ ਬਾਡੀ ਦੀ ਆਡਿਟ ਟੀਮ ਲਈ 87 ਨਵੀਆਂ ਅਸਾਮੀਆਂ ਸਿਰਜਣ, ਖੇਡ ਸੈਕਸ਼ਨ ਦੇ ਗਰੁੱਪ ਏ ਅਤੇ ਬੀ ਕੈਟਾਗਰੀਆਂ ਵਿੱਚ ਨਵੀਂ ਭਰਤੀ ਕਰਨ, ਪੀਏਯੂ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਵਰਗੇ ਫੈਸਲੇ ਲਏ ਗਏ। ਅਗਲੀ ਮੀਟਿੰਗ ਵਿੱਚ ਗੜਵਾਸੂ ਨਾਲ ਸਬੰਧਤ ਫੈਸਲੇ ਲਏ ਜਾਣਗੇ।
ਉਨ੍ਹਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਕਾਸ ਤੇ ਸਰਹੱਦੀ ਖੇਤਰ ਅਜਨਾਲਾ ਵਿੱਚ ਬਾਬਾ ਬੁੱਢਾ ਜੀ ਇੰਸਟੀਚਿਊਟ ਦੀ ਸਥਾਪਨਾ ਤੇ ਡਰੱਗ ਲੈਬਾਰਟਰੀ ਵਿੱਚ ਸਥਾਈ ਸਟਾਫ਼ ਦੀ ਭਰਤੀ ਦਾ ਵੀ ਜ਼ਿਕਰ ਕੀਤਾ। ਸੂਬਾ ਸਰਕਾਰ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇਗੀ। ਇਸੇ ਤਰ੍ਹਾਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਪ੍ਰਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Kiratpur Sahib news: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸਹਿਤ 3 ਵਿਅਕਤੀਆਂ 'ਤੇ ਆਈਪੀਸੀ 306, 34 ਤਹਿਤ ਮਾਮਲਾ ਦਰਜ
1 ਮਈ ਨੂੰ ਮਜ਼ਦੂਰ ਦਿਵਸ ਉਤੇ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਵੀ ਕੀਤਾ ਹੈ। ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਆਵਜ਼ੇ ਦਾ 10 ਫ਼ੀਸਦੀ ਹਿੱਸਾ ਉਨ੍ਹਾਂ ਖੇਤ ਮਜ਼ਦੂਰਾਂ ਨੂੰ ਵੀ ਦਿੱਤਾ ਜਾਵੇਗਾ, ਜਿਨ੍ਹਾਂ ਨੇ ਉੱਥੇ ਕੰਮ ਕਰਨਾ ਸੀ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਵਧਾਉਣ ਦੀ ਗੱਲ ਵੀ ਕਹੀ।
ਇਹ ਵੀ ਪੜ੍ਹੋ : Karan Aujla News: ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਹੋਇਆ ਗ੍ਰਿਫਤਾਰ!