Punjab News: ਕੇਂਦਰ ਸਰਕਾਰ ਨੇ ਕਣਕ-ਝੋਨੇ ਦੀ ਖਰੀਦ ਲਈ ਪੇਂਡੂ ਵਿਕਾਸ ਫੰਡ (RDF) ਬੰਦ ਕਰਕੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਵਿੱਚ ਕਣਕ ਦੀ ਖਰੀਦ ਦਾ ਸੀਜ਼ਨ ਹਾਲ ਹੀ ਵਿੱਚ ਸਮਾਪਤ ਹੋਇਆ ਹੈ ਤੇ ਇੱਕ ਝਟਕੇ ਵਿੱਚ ਕੇਂਦਰ ਨੇ ਹੁਣ ਕਣਕ ਦੀ ਖਰੀਦ ਲਈ ਜਾਰੀ ਕੀਤੀ ਆਰਜ਼ੀ ਲਾਗਤ ਸ਼ੀਟ ਵਿੱਚ ਮਾਰਕੀਟ ਵਿਕਾਸ ਫੀਸ (MDF) ਨੂੰ 2 ਫੀਸਦੀ ਅਤੇ ਪੇਂਡੂ ਵਿਕਾਸ ਫੀਸ (RDF) ਨੂੰ ਜ਼ੀਰੋ ਫੀਸਦੀ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਸਾਲ 2023-24 ਲਈ ਕਣਕ ਦੀ ਖ਼ਰੀਦ ਲਈ ਜਾਰੀ ਕੀਤੀ ਪ੍ਰੋਵਿਜ਼ਨਲ ਕੌਸਟ ਸ਼ੀਟ ਵਿਚ ਇਸ ਵਾਰ ਪੇਂਡੂ ਵਿਕਾਸ ਫੰਡ ਦਾ ਕੋਈ ਜ਼ਿਕਰ ਨਹੀਂ ਹੈ, ਜਦਕਿ ਮੰਡੀ ਫੀਸ ਵੀ ਤਿੰਨ ਫੀਸਦ ਤੋਂ ਘਟਾ ਕੇ ਦੋ ਫੀਸਦੀ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਆੜ੍ਹਤੀਆਂ ਦੀ ਕਮਿਸ਼ਨ ਜੋ ਪਹਿਲਾਂ 2.5 ਫੀਸਦੀ ਸੀ, ਹੁਣ 46 ਰੁਪਏ ਤੱਕ ਸੀਮਤ ਕਰ ਦਿੱਤੀ ਹੈ। ਇਨ੍ਹਾਂ ਖਰਚਿਆਂ ਵਿੱਚ ਕਟੌਤੀ ਨਾਲ ਇਕੱਲੇ ਕਣਕ ਦੀ ਖਰੀਦ ਸੀਜ਼ਨ ਲਈ ਸਰਕਾਰੀ ਖਜ਼ਾਨੇ ਨੂੰ 1,000 ਕਰੋੜ ਰੁਪਏ ਦਾ ਬੋਝ ਪਵੇਗਾ।


ਤਿੰਨ ਮਹੀਨੇ ਪਹਿਲਾਂ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਵਿਧਾਨਿਕ ਚਾਰਜਿਜ਼ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇ ਸਿਰਫ਼ 2 ਫ਼ੀਸਦੀ ਤੱਕ ਲਿਆਉਣ ਲਈ ਕਿਹਾ ਸੀ। ਰਾਜ ਹਰ ਸਾਲ ਲਗਭਗ 66,000 ਕਰੋੜ ਰੁਪਏ ਦੀ ਕਣਕ ਤੇ ਝੋਨੇ ਦੀ ਖਰੀਦ ਕਰਦਾ ਹੈ। ਇਸ ਨੂੰ RDF ਅਤੇ MDF ਦੇ ਖਾਤੇ 'ਤੇ 3,600 ਕਰੋੜ ਰੁਪਏ ਦੇ ਹਿਸਾਬ ਨਾਲ ਹਰ ਸਾਲ 3 ਫੀਸਦੀ ਦੀ ਦਰ ਨਾਲ ਵਸੂਲਦਾ ਹੈ। ਇਸ ਸੀਜ਼ਨ ਵਿੱਚ ਸਰਕਾਰ ਨੇ 30,000 ਕਰੋੜ ਰੁਪਏ ਦੀ ਕਣਕ ਦੀ ਖਰੀਦ ਦਾ ਅਨੁਮਾਨ ਲਗਾਇਆ ਹੈ।


ਧਿਆਨ ਦੇਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸੀਜ਼ਨਾਂ ਦਾ ਆਰਡੀਐਫ ਰੋਕਿਆ ਹੋਇਆ ਹੈ, ਜੋ ਮੌਜੂਦਾ ਸਮੇਂ ਵਿੱਚ 2880 ਕਰੋੜ ਰੁਪਏ ਦਾ ਬਕਾਇਆ ਹੈ। ਇਸ ਸਾਲ ਦਾ ਕਰੀਬ 850 ਕਰੋੜ ਰੁਪਏ ਹੋਰ ਬਣ ਜਾਵੇਗਾ ਕਿਉਂਕਿ ਮੰਡੀਆਂ ਵਿੱਚ 120 ਲੱਖ ਟਨ ਕਣਕ ਆਉਣ ਦੀ ਪੂਰੀ ਸੰਭਾਵਨਾ ਹੈ। ਕਣਕ ਦਾ ਸਮਰਥਨ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਹੈ, ਅਜਿਹੇ 'ਚ ਤਿੰਨ ਫੀਸਦੀ ਦੀ ਦਰ ਨਾਲ ਕਣਕ 'ਤੇ 850 ਕਰੋੜ ਰੁਪਏ ਦਾ ਆਰਡੀਐੱਫ ਬਣਦਾ ਹੈ।


ਲਗਪਗ ਇੰਨੀ ਹੀ ਮਾਰਕੀਟ ਫੀਸ ਬਣਦੀ ਹੈ, ਪਰ ਮਾਰਕੀਟ ਫੀਸ ਦਾ ਦੋ ਤਿਹਾਈ ਭਾਵ 567 ਕਰੋੜ ਆ ਜਾਣਗੇ ਤੇ 283 ਕਰੋੜ ਦਾ ਇੱਥੇ ਨੁਕਸਾਨ ਹੋ ਜਾਵੇਗਾ। ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ ਵਿੱਚ 181 ਲੱਖ ਟਨ ਝੋਨਾ ਆਇਆ ਸੀ ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 2040 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾ ਕੀਤਾ ਗਿਆ ਸੀ। ਮਤਲਬ ਸਰਕਾਰ ਨੂੰ 1107 ਕਰੋੜ ਰੁਪਏ ਆਰਡੀਐਫ ਦੇ ਤੌਰ ’ਤੇ ਮਿਲਣੇ ਚਾਹੀਦੇ ਸਨ ਤੇ ਤਿੰਨ ਫੀਸਦੀ ਦੇ ਹਿਸਾਬ ਨਾਲ ਐਮਡੀਐਫ ਦੀ ਰਕਮ ਵੀ ਮਿਲਣੀ ਚਾਹੀਦੀ ਸੀ, ਪਰ ਆਰਡੀਐਫ ਨਹੀਂ ਆਇਆ।


ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਭਾਜਪਾ ਉਤੇ ਨਿਸ਼ਾਨਾ ਵਿੰਨ੍ਹਿਆ। ਟਵੀਟ ਕਰਕੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ..ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਹਾੜੀ ਸੀਜਨ ਵਿੱਚ ਮਾਰਕੀਟ ਫ਼ੀਸ 3% ਤੋਂ ਘਟਾ ਕੇ 2% ਕਰ ਦਿੱਤੀ ਅਤੇ RDF 3% ਤੋਂ 0% ਕੀਤਾ …ਪੰਜਾਬ ਦਾ ਨੁਕਸਾਨ 250 ਕਰੋੜ ਮਾਰਕੀਟ ਫ਼ੀਸ ਤੇ  750 ਕਰੋੜ RDF ਕੁੱਲ 1000 ਕਰੋੜ। ਕੈਪਟਨ, ਜਾਖੜ, ਮਨਪ੍ਰੀਤ ਬਾਦਲ, ਬੈਂਸ ਭਰਾ, ਰਾਣਾ ਸੋਢੀ, ਕਾਂਗੜ, ਫ਼ਤਿਹਜੰਗ ਬਾਜਵਾ, ਇੰਦਰ ਅਟਵਾਲ ਜੋ ਨਵੇਂ ਨਵੇਂ ਭਾਜਪਾਈ ਬਣੇ ਨੇ ਇਨ੍ਹਾਂ ਵਿੱਚ ਹਿੰਮਤ ਹੈ ਕਿ ਇਸ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁੱਕਣਗੇ ???


ਇਹ ਵੀ ਪੜ੍ਹੋ : Parkash Singh Badal Antim Ardas: ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਲਈ ਪਹੁੰਚੇ ਅਮਿਤ ਸ਼ਾਹ!