BodyBuilder Resham Singh: ਨੌਜਵਾਨਾਂ ਨੂੰ ਵੀ ਮਾਤ ਪਾਉਂਦੈ ਇਹ 62 ਸਾਲਾਂ ਬਜ਼ੁਰਗ; ਬਾਡੀ ਬਿਲਡਰ ਦੇ ਖੇਤਰ `ਚ ਵਿਦੇਸ਼ਾਂ `ਚ ਵੀ ਖੱਟਿਆ ਨਾਮਣਾ
Chandigarh BodyBuilder Resham Singh: 62 ਸਾਲਾਂ ਰੇਸ਼ਮ ਸਿੰਘ ਨੌਜਵਾਨਾਂ ਨੂੰ ਵੀ ਮਾਤ ਪਾਉਂਦੈ, ਬਾਡੀ ਬਿਲਡਰ ਦੇ ਖੇਤਰ `ਚ ਵਿਦੇਸ਼ਾਂ `ਚ ਵੀ ਨਾਮਣਾ ਖੱਟਿਆ ਹੈ।
''ਮਿਹਨਤੀ ਬੰਦਾ ਸਭ ਕੁੱਝ ਆਪ ਬਣਾਉਂਦਾ ਹੈ...
ਨਾਮ ਵੀ ਸ਼ੌਹਰਤ ਵੀ ਤੇ ਮੁਕਾਮ ਵੀ''
Chandigarh BodyBuilder Resham Singh (ਰਿਆ ਬਾਵਾ ਦੀ ਰਿਪੋਰਟ): ਚੰਡੀਗੜ੍ਹ ਐਮਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਮਿਸਟਰ ਚੰਡੀਗੜ੍ਹ ਮੁਕਾਬਲੇ ਵਿੱਚ ਪੁੱਜੇ ਇੱਕ ਸਖ਼ਸ਼ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਸੀ। ਇਹ ਸਖ਼ਸ਼ 20-25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਮਾਤ ਪਾ ਰਿਹਾ ਸੀ। ਦਰਅਸਲ ਵਿੱਚ ਮਿਸਟਰ ਚੰਡੀਗੜ੍ਹ ਮੁਕਾਬਲੇ ਵਿੱਚ 62 ਸਾਲਾਂ ਸਰਦਾਰ ਰੇਸ਼ਮ ਸਿੰਘ ਪੁੱਜੇ ਹੋਏ ਸਨ। ਉਨ੍ਹਾਂ ਦੇ ਸਰੀਰ ਅੱਗੇ ਨੌਜਵਾਨਾਂ ਦੇ ਸਰੀਰ ਵੀ ਫਿੱਕੇ ਪੈਂਦੇ ਨਜ਼ਰ ਆ ਰਹੇ ਸਨ। ਜ਼ੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ 62 ਸਾਲਾਂ ਰੇਸ਼ਮ ਸਿੰਘ ਨੇ ਬਾਡੀ ਬਿਲਡਿੰਗ ਦੇ ਸਫ਼ਰ ਬਾਰੇ ਅਤੇ ਆਪਣੇ ਸਰੀਰ ਨੂੰ ਕਿਵੇਂ ਫਿਟ ਰੱਖਿਆ ਹੈ ਇਸ ਬਾਰੇ ਜਾਣੂ ਕਰਵਾਇਆ ਹੈ।
21 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਬਾਡੀ ਬਿਲਡਿੰਗ
ਰੇਸ਼ਮ ਸਿੰਘ ਨੇ 21 ਸਾਲ ਦੀ ਉਮਰ ਵਿੱਚ ਬਾਡੀ ਬਿਲਡਿੰਗ (BodyBuilder Resham Singh) ਵਿੱਚ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਹ ਇਸਨੂੰ ਜਾਰੀ ਨਹੀਂ ਰੱਖ ਸਕੇ। ਯੋਗਾ ਦੀ ਮਦਦ ਨਾਲ ਆਪਣੇ ਸਰੀਰ ਨੂੰ ਫਿੱਟ ਰੱਖਿਆ ਪਰ 52 ਸਾਲ ਦੀ ਉਮਰ 'ਚ ਮੁੜ ਜਿਮ 'ਚ ਪਰਤੇ। ਯੋਗਾ ਦੇ ਨਾਲ-ਨਾਲ ਉਨ੍ਹਾਂ ਨੇ ਵੇਟ ਟਰੇਨਿੰਗ ਕੀਤੀ। ਹੁਣ ਚਾਰ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਉਹ ਸਟੇਜ 'ਤੇ ਆਪਣੇ ਸਡੋਲ ਸਰੀਰ ਨੂੰ ਵਿਖਾ ਵਾਹੋ-ਵਾਹੀ ਲੁੱਟ ਰਹੇ ਹਨ।
ਹੁਣ ਤੱਕ ਮੁਕਾਬਲੇ ਜਿੱਤੇ
2022 ਵਿੱਚ ਉਨ੍ਹਾਂ 4 ਮੁਕਾਬਲੇ ਤੇ 2023 ਵਿੱਚ 3 ਮੁਕਾਬਲੇ ਜਿੱਤਣ ਤੋਂ ਬਾਅਦ, ਉਹ ਮਿਸਟਰ ਏਸ਼ੀਆ ਦਾ ਚਾਂਦੀ ਦਾ ਤਗਮਾ ਜੇਤੂ ਵੀ ਹਨ।
ਇਸ ਤੋਂ ਇਲਾਵਾ ਉਹ ਗੈਸਟ ਪੋਜ਼ਰ ਵਜੋਂ ਵੀ ਕਈ ਥਾਵਾਂ 'ਤੇ ਜਾ ਚੁੱਕੇ ਹਨ। ਰੇਸ਼ਮ ਸਿੰਘ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਾਹਲੀ ਨਾ ਕਰੋ। ਜਿੰਨਾ ਹੋ ਸਕੇ ਆਪਣੇ ਸਰੀਰ 'ਤੇ ਕੰਮ ਕਰੋ, ਦੂਜਿਆਂ ਵੱਲ ਦੇਖ ਕੇ ਗਲਤ ਰਸਤੇ 'ਤੇ ਨਾ ਜਾਓ।
ਦਿਖਾਵੇ ਲਈ ਵਜ਼ਨ ਨਾ ਚੁੱਕੋ...
ਰੇਸ਼ਮ ਸਿੰਘ ਕਹਿੰਦੇ ਹਨ ਦਿਖਾਵੇ ਲਈ ਕਸਰਤ ਨਾ ਕਰੋ। ਜੇਕਰ ਤੁਸੀਂ ਕਿਸੇ ਹੋਰ ਨੂੰ 100 ਕਿਲੋ ਭਾਰ ਚੁੱਕਦੇ ਹੋਏ ਦੇਖਦੇ ਹੋ, ਤਾਂ ਅਜਿਹਾ ਨਾ ਕਰੋ, ਜਿੰਨਾ ਭਾਰ ਤੁਹਾਡਾ ਸਰੀਰ ਚੁੱਕਣ ਦੇ ਸਮਰੱਥ ਹੈ, ਉਨਾ ਹੀ ਚੁੱਕੋ। ਮੇਰੀਆਂ ਲੱਤਾਂ ਲੰਬੀਆਂ ਹਨ, ਇਸ ਲਈ ਮੈਂ ਸਕੁਐਟਸ ਦੀ ਬਜਾਏ ਭਾਰ ਨਾਲ ਪੌੜੀਆਂ 'ਤੇ ਕਸਰਤ ਕਰਦਾ ਹਾਂ। ਮੈਨੂੰ ਇਸ ਦਾ ਫਾਇਦਾ ਹੋਇਆ ਅਤੇ ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦੂਜਿਆਂ ਨੂੰ ਵੀ ਇਹ ਸੁਝਾਅ ਦਿੰਦਾ ਹਾਂ। ਜੋਖਮ ਘੱਟ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ।
ਰੇਸ਼ਮ ਸਿੰਘ ਨੇ ਸਰੀਰ ਨੂੰ ਕਿਵੇਂ ਫਿਟ ਰੱਖਿਆ
ਰੇਸ਼ਮ (BodyBuilder Resham Singh) ਦਾ ਕਹਿਣਾ ਹੈ ਕਿ ਮੈਂ ਸਵੇਰੇ 5.30 ਵਜੇ ਉੱਠਦਾ ਹਾਂ ਅਤੇ ਫਿਰ ਪਾਰਕ ਵਿੱਚ ਕਸਰਤ ਕਰਨ ਤੋਂ ਬਾਅਦ ਜਿਮ ਜਾਂਦਾ ਹਾਂ। ਉਥੋਂ ਵਾਪਸ ਆ ਕੇ ਮੈਂ ਆਪਣੇ ਕੰਮ 'ਤੇ ਜਾਣ ਲਈ ਤਿਆਰ ਹੋ ਜਾਂਦਾ ਹਾਂ ਅਤੇ ਸਾਰਾ ਦਿਨ ਖੇਤਾਂ 'ਚ ਮਿਹਨਤ ਕਰਦਾ ਹਾਂ। ਇਸ ਸਖ਼ਤ ਮਿਹਨਤ ਨਾਲ ਮੈਂ ਆਪਣਾ ਕਾਰਡੀਓ ਵੀ ਕਰਵਾ ਲੈਂਦਾ ਹਾਂ ਅਤੇ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਯੋਗ ਹਾਂ। ਮੈਂ ਦਿਨ ਵਿਚ ਜੋ ਵੀ ਭੋਜਨ ਖਾਂਦਾ ਹਾਂ, ਮੈਂ ਉਸ ਨੂੰ ਪਚਾਉਂਦਾ ਵੀ ਹਾਂ।
ਡੇਅਰੀ ਵਾਲੇ ਪ੍ਰੋਡਕਟਸ ਨੂੰ ਦਿੱਤੀ ਜ਼ਿਆਦਾ ਤਵੱਜੋ
ਉਨ੍ਹਾਂ ਨੇ ਕਿਹਾ ਕਿ ਸਟੀਰੌਇਡ ਨਹੀਂ ਲੈਣਾ ਚਾਹੀਦਾ ਹੈ। ਨੌਜਵਾਨ ਸਰੀਰ ਬਣਾਉਣ ਲਈ ਟੀਕਿਆਂ ਦਾ ਸਹਾਰਾ ਲੈਂਦੇ ਹਨ ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਸੰਤੁਲਤ ਭੋਜਨ ਖਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਮੈਂ ਮਾਸਾਹਾਰੀ ਭੋਜਨ ਦੀ ਬਜਾਏ ਡੇਅਰੀ ਵਾਲੇ ਪ੍ਰੋਡਕਟਸ ਨੂੰ ਜ਼ਿਆਦਾ ਤਵੱਜੋ ਦਿੰਦਾ ਹਾਂ। ਉਹ ਦੁੱਧ, ਘਿਓ, ਮੱਖਣ ਦਾ ਸੇਵਨ ਕਰਦੇ ਹਨ।
ਨੌਜਵਾਨਾਂ ਲਈ ਸੰਦੇਸ਼
ਰੇਸ਼ਮ ਸਿੰਘ ਨੇ ਜ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨ ਪੀੜੀ ਨੂੰ ਸੰਦੇਸ਼ ਦਿੱਤਾ ਹੈ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਜ਼ਿਆਦਾ ਪਸੰਦ ਕਰਦੀ ਹੈ ਪਰ ਇਨ੍ਹਾਂ ਚੀਜ਼ਾਂ ਨੂੰ ਛੱਡ ਕੇ ਘਰ ਦੇ ਖਾਣੇ ਨੂੰ ਪਹਿਲ ਦੇਣੀ ਚਾਹੀਦੀ ਹੈ। ਪਾਚਨ ਸ਼ਕਤੀ ਮਜ਼ਬੂਤ ਕਰਕੇ ਬਾਹਰਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।