Panchkula News: ਸੇਵਾਮੁਕਤ ਮਹਿਲਾ ਪ੍ਰੋਫੈਸਰ ਨਾਲ 1.06 ਕਰੋੜ ਰੁਪਏ ਦੀ ਠੱਗੀ; ਚਾਰ ਦਿਨ ਸਾਈਬਰ ਹਿਰਾਸਤ `ਚ ਰੱਖਿਆ
Panchkula News: ਪੰਚਕੂਲਾ ਦੇ ਸੈਕਟਰ-4 ਦੀ ਰਹਿਣ ਵਾਲੀ ਰਿਟਾਇਰਡ ਮਹਿਲਾ ਪ੍ਰੋਫੈਸਰ ਨਾਲ 1.06 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।
Panchkula News (ਪਵਿੱਤ ਕੌਰ): ਪੰਚਕੂਲਾ ਦੇ ਸੈਕਟਰ-4 ਦੀ ਰਹਿਣ ਵਾਲੀ ਰਿਟਾਇਰਡ ਮਹਿਲਾ ਪ੍ਰੋਫੈਸਰ ਨਾਲ 1.06 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਮਹਿਲਾ ਨੇ ਪੰਚਕੂਲਾ ਸਾਈਬਰ ਪੁਲਿਸ ਸਟੇਸ਼ਨ ਤੋਂ ਕਰਵਾਈ ਹੈ।
ਠੱਗਾਂ ਨੇ ਮਨੀ ਲਾਂਡਰਿੰਗ ਵਿੱਚ ਫਸਾਉਣ ਦਾ ਡਰ ਦਿਖਾ ਕੇ ਮਹਿਲਾ ਨਾਲ ਇਹ ਰਕਮ ਠੱਗੀ ਹੈ। ਠੱਗਾਂ ਨੇ ਔਰਤ ਨੂੰ ਚਾਰ ਦਿਨ ਤੱਕ ਸਾਈਬਰ ਹਿਰਾਸਤ ਵਿੱਚ ਰੱਖਿਆ, ਜਿਸ ਨਾਲ ਮਹਿਲਾ ਕਿਸੇ ਨਾਲ ਸੰਪਰਕ ਨਹੀਂ ਕਰ ਪਾਈ। ਖਬਰ ਮੁਤਾਬਕ ਮਹਿਲਾ ਨੇ ਪਹਿਲਾਂ 90 ਲੱਖ ਰੁਪਏ ਅਤੇ ਅਗਲੇ ਦਿਨ 16 ਲੱਖ ਰੁਪਏ ਠੱਗਾਂ ਦੇ ਦੱਸੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ।
ਮਹਿਲਾ ਨਾਲ ਇਹ ਧੋਖਾਧੜੀ ਦਾ ਸਿਲਸਿਲਾ 6 ਸਤੰਬਰ ਤੋਂ ਸ਼ੁਰੂ ਹੋਇਆ। ਜਦ ਉਸ ਨੂੰ ਠੱਗਾਂ ਨੇ ਵੀਡੀਓ ਕਾਲ ਰਾਹੀਂ ਖੁਦ ਨੂੰ ਮੁੰਬਈ ਪੁਲਿਸ ਦਾ ਅਧਿਕਾਰੀ ਦੱਸਿਆ ਅਤੇ ਫਰਜ਼ੀ ਆਰਟੀਜੀਐਸ ਅਤੇ ਨੋਟਬੰਦੀ ਦੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੱਤੀ। ਔਰਤ ਨੂੰ ਲਗਾਤਾਰ 12 ਘੰਟੇ ਵੀਡੀਓ ਕਾਲ ਉਤੇ ਰੱਖਿਆ ਗਿਆ ਅਤੇ ਉਸ ਨੂੰ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਸ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਜੇਕਰ ਪੈਸੇ ਟਰਾਂਸਫਰ ਨਹੀਂ ਕਰੇਗੀ ਤਾਂ ਉਸ ਨੂੰ ਮਨੀ ਲਾਂਡਰਿੰਗ ਵਿੱਚ ਫਸਾ ਦਿੱਤਾ ਜਾਵੇਗਾ। 9 ਸਤੰਬਰ ਨੂੰ ਠੱਗਾਂ ਦੇ ਕਹਿਣ ਉਤੇ ਉਸ ਨੇ 90 ਲੱਖ ਰੁਪਏ ਟਰਾਂਸਫਰ ਕੀਤੇ ਅਤੇ ਅਗਲੇ ਦਿਨ 16 ਲੱਖ ਰੁਪਏ ਦੀ ਕਿਸ਼ਤ ਦਿੱਤੀ। ਮਹਿਲਾ ਜਦ ਇਸ ਸਥਿਤੀ ਤੋਂ ਪਰੇਸ਼ਾਨ ਹੋ ਗਈ ਅਤ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਕ ਮੁਲਜ਼ਮ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਈਬਰ ਪੁਲਿਸ ਮੁਤਾਬਕ ਸੈਕਟਰ-4 ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਸ਼ਿਮਲਾ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਹੈ। 6 ਸਤੰਬਰ 2024 ਨੂੰ ਆਪਣੇ ਘਰ ਸੀ। ਉਸੇ ਸਮੇਂ ਦੁਪਹਿਰ ਕਰੀਬ 12 ਵਜੇ ਕਿਸੇ ਅਣਪਛਾਤੇ ਮੋਬਾਈਲ ਨੰਬਰ ਤੋਂ ਵੀਡੀਓ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਮੁੰਬਈ ਪੁਲਿਸ ਦੇ ਸਬ ਇੰਸਪੈਕਟਰ ਹੇਮਰਾਜ ਵਜੋਂ ਦਿੱਤੀ। ਉਨ੍ਹਾਂ ਕਿਹਾ ਕਿ ਪਟੇਲ ਨਾਂ ਦੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਕੁਝ ਦਸਤਾਵੇਜ਼ ਮਿਲੇ ਹਨ। ਉਸ ਦੇ ਦਸਤਾਵੇਜ਼ ਵੀ ਇਸ ਵਿੱਚ ਮੌਜੂਦ ਹਨ।
ਮੁਲਜ਼ਮਾਂ ਨੇ ਫਰਜ਼ੀ ਅਦਾਲਤੀ ਹੁਕਮ ਭੇਜੇ
ਮੁਲਜ਼ਮ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਕਾਰਵਾਈ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਮੁਲਜ਼ਮਾਂ ਨੇ ਇਸ ਸਬੰਧੀ ਫਰਜ਼ੀ ਅਦਾਲਤੀ ਹੁਕਮ ਭੇਜੇ। ਹੁਕਮ ਦੇਖ ਕੇ ਔਰਤ ਡਰ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਮਹਿਲਾ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਡਿਜੀਟਲ ਗ੍ਰਿਫਤਾਰੀ 'ਚ ਹੈ। ਉਹ ਇਸ ਮਾਮਲੇ 'ਤੇ ਕਿਸੇ ਨਾਲ ਗੱਲ ਨਹੀਂ ਕਰੇਗੀ। ਜੇਕਰ ਉਸ ਨੂੰ ਘਰੋਂ ਬਾਹਰ ਜਾਣਾ ਪਵੇ ਤਾਂ ਉਹ ਉਸ ਨੂੰ ਪੁੱਛ ਕੇ ਹੀ ਜਾਵੇਗੀ। ਔਰਤ ਨੇ ਡਰ ਕਾਰਨ ਇਹ ਮਾਮਲਾ ਕਿਸੇ ਨਾਲ ਸਾਂਝਾ ਨਹੀਂ ਕੀਤਾ।
90 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ
ਅਗਲੇ ਦਿਨ ਫਿਰ ਵੀਡੀਓ ਕਾਲ ਰਾਹੀਂ ਦੋ ਮੁਲਜ਼ਮਾਂ ਨੇ ਦੱਸਿਆ ਕਿ ਪਟੇਲ ਕੋਲੋਂ ਬਰਾਮਦ ਹੋਈ ਨਕਦੀ ਵਿੱਚ ਕੁਝ ਨਕਲੀ ਨੋਟ ਮਿਲੇ ਹਨ। ਇਹ ਸਾਰੇ ਨੋਟ ਉਸ ਦੇ ਹਨ। ਇਸ ਤੋਂ ਬਾਅਦ ਮੁਲਜ਼ਮ ਨੇ ਔਰਤ ਨੂੰ 90 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ ਤਾਂ ਜੋ ਉਹ ਜਮ੍ਹਾ ਕੀਤੇ ਪੈਸਿਆਂ ਵਿੱਚ ਨੋਟਾਂ ਦੀ ਐਂਟਰੀ ਚੈੱਕ ਕਰ ਸਕੇ।
ਜੇਕਰ ਨੋਟ ਨਕਲੀ ਨਿਕਲੇ ਤਾਂ ਸਰਕਾਰ ਪੈਸੇ ਜ਼ਬਤ ਕਰ ਲਵੇਗੀ ਅਤੇ ਨਹੀਂ ਤਾਂ ਸਾਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਦੋ ਦਿਨਾਂ ਬਾਅਦ 16 ਲੱਖ ਰੁਪਏ ਹੋਰ ਟਰਾਂਸਫਰ ਕੀਤੇ ਗਏ। ਔਰਤ ਚਾਰ ਦਿਨ ਤੱਕ ਸਾਈਬਰ ਠੱਗਾਂ ਦੇ ਜਾਲ ਵਿੱਚ ਫਸੀ ਰਹੀ। ਪੰਜਵੇਂ ਦਿਨ ਉਹ ਘਬਰਾ ਗਈ ਅਤੇ ਇਸ ਬਾਰੇ ਆਪਣੇ ਜਾਣਕਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਧੋਖਾਧੜੀ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਸਾਈਬਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।