Lok sabha Elections 2024: ਸੁਨੀਲ ਜਾਖੜ ਦਾ ਵੱਡਾ ਬਿਆਨ- ਚੋਣ ਕਮਿਸ਼ਨ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੇਂਦਰੀ ਬਲ ਤਾਇਨਾਤ ਕਰੇ
Lok sabha Elections 2024: ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਸੂਬੇ `ਚ ਸ਼ਾਂਤੀਪੂਰਨ ਅਤੇ ਡਰ-ਮੁਕਤ ਮਾਹੌਲ `ਚ ਚੋਣਾਂ ਕਰਵਾਉਣ ਲਈ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖਿਆ ਹੈ।
Lok sabha Elections 2024: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਲਈ ਪੇਂਡੂ ਖੇਤਰਾਂ 'ਚ ਕੇਂਦਰੀ ਬਲ ਤਾਇਨਾਤ ਕੀਤੇ ਜਾਣ। ਨਾਲ ਹੀ ਵੋਟਿੰਗ ਦੌਰਾਨ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇ। ਇਸ ਦੇ ਲਈ ਉਨ੍ਹਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਵੀ ਲਿਖਿਆ ਹੈ। ਪੱਤਰ ਵਿੱਚ ਜਾਖੜ ਨੇ ਮੰਗ ਕੀਤੀ ਹੈ ਕਿ ਵੋਟਾਂ ਸ਼ਾਂਤਮਈ ਅਤੇ ਭੈਅ ਮੁਕਤ ਮਾਹੌਲ ਵਿੱਚ ਕਰਵਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
ਉਨ੍ਹਾਂ ਲਿਖਿਆ ਹੈ ਕਿ ਕਿਸਾਨਾਂ ਦੀ ਆੜ ਵਿੱਚ ਕੁਝ ਸ਼ਰਾਰਤੀ ਅਨਸਰ ਅਤੇ ਵਿਰੋਧੀ ਪਾਰਟੀ ਦੇ ਵਰਕਰ ਭਾਜਪਾ ਵਰਕਰਾਂ ਅਤੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ। ਅਜਿਹੀਆਂ ਘਟਨਾਵਾਂ ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚ ਵਾਪਰ ਰਹੀਆਂ ਹਨ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਭਾਜਪਾ ਉਮੀਦਵਾਰਾਂ ਅਤੇ ਵਰਕਰਾਂ ਦੇ ਨਾਲ-ਨਾਲ ਵੋਟਰਾਂ ਵਿਚ ਡਰ ਅਤੇ ਚਿੰਤਾ ਵਧ ਗਈ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਜਾਖੜ ਨੇ ਪੱਤਰ 'ਚ ਲਿਖਿਆ ਹੈ ਕਿ ਉਨ੍ਹਾਂ ਨੂੰ ਸੂਬੇ ਦੇ ਕਈ ਦਿਹਾਤੀ ਖੇਤਰਾਂ ਤੋਂ ਪਾਰਟੀ ਉਮੀਦਵਾਰਾਂ, ਵਰਕਰਾਂ ਅਤੇ ਜਨਤਾ 'ਤੇ ਧਮਕੀਆਂ, ਪਰੇਸ਼ਾਨੀ ਅਤੇ ਹਮਲਿਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਘਟਨਾਵਾਂ ਨੇ ਨਾ ਸਿਰਫ਼ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਅਜਿਹੇ ਮਾਹੌਲ 'ਚ ਲੋਕਤੰਤਰੀ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ।
ਜਾਖੜ ਨੇ ਕਿਹਾ ਕਿ ਹਾਲ ਹੀ ਵਿੱਚ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿੱਥੇ ਕਿਸਾਨਾਂ ਦੇ ਧਰਨੇ ਦੀ ਆੜ ਵਿੱਚ ਅਪਰਾਧਿਕ ਅਨਸਰਾਂ ਨੇ ਪਾਰਟੀ ਉਮੀਦਵਾਰਾਂ ਦੀਆਂ ਮੀਟਿੰਗਾਂ ਵਿੱਚ ਵਿਘਨ ਪਾਇਆ। ਭਾਜਪਾ ਉਮੀਦਵਾਰਾਂ ਨੂੰ ਦਿਹਾਤੀ ਖੇਤਰਾਂ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਵੀ ਰੋਕਿਆ ਗਿਆ। ਇੱਥੋਂ ਤੱਕ ਕਿ ਸ਼ੁੱਕਰਵਾਰ ਨੂੰ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਤੋਂ ਜਨਤਾ ਅਤੇ ਪਾਰਟੀ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਿਟਰਨਿੰਗ ਅਫ਼ਸਰ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਲੋਕ ਬਿਨਾਂ ਕਿਸੇ ਡਰ ਭੈਅ ਦੇ ਵੋਟ ਪਾ ਸਕਣ।
ਜਾਖੜ ਨੇ ਲਿਖਿਆ ਕਿ ਇਸ ਤੋਂ ਇਲਾਵਾ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਚੋਣ ਕਮਿਸ਼ਨ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਉਹ ਵੀ ਲੋਕਤੰਤਰ ਦੇ ਮਹਾਨ ਤਿਉਹਾਰ ਵਿੱਚ ਹਿੱਸਾ ਲੈ ਸਕਣ ਅਤੇ ਬਿਨਾਂ ਦਬਾਅ ਦੇ ਵੋਟ ਪਾ ਸਕਣ। ਜਾਖੜ ਨੇ ਚੋਣ ਕਮਿਸ਼ਨ ਨੂੰ ਕੁਝ ਸੁਝਾਅ ਵੀ ਦਿੱਤੇ।
1. ਪੰਜਾਬ ਦੇ ਪੇਂਡੂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਜਾਵੇ।
2. ਵੋਟਰਾਂ ਅਤੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।
3. ਗਰੀਬਾਂ ਅਤੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਪਿੰਡਾਂ ਵਿੱਚੋਂ ਲੰਘਣ ਲਈ ਸੁਰੱਖਿਅਤ ਰਸਤੇ ਮੁਹੱਈਆ ਕਰਵਾਏ ਜਾਣ, ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਦੇ ਪੋਲਿੰਗ ਸਟੇਸ਼ਨਾਂ ਤੱਕ ਪਹੁੰਚ ਸਕਣ।
4. ਪਿੰਡ ਪੱਧਰ 'ਤੇ ਸੁਪਰਵਾਈਜ਼ਰ ਨਿਯੁਕਤ ਕੀਤੇ ਜਾਣ।
5. ਇਹਨਾਂ ਖੇਤਰਾਂ ਵਿੱਚ ਮਾਈਕਰੋ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ।
6. ਇਹ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾਣ ਕਿ ਸ਼ਰਾਰਤੀ ਅਨਸਰਾਂ ਅਤੇ ਪ੍ਰਦਰਸ਼ਨਕਾਰੀ ਵੋਟਾਂ ਵਾਲੇ ਦਿਨ ਕੋਈ ਵਿਘਨ ਜਾਂ ਰੁਕਾਵਟ ਨਾ ਪੈਦਾ ਕਰਨ।
7. ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਵੋਟਰ ਆਪਣੇ ਵੋਟ ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਨ ਤੋਂ ਨਾ ਰੋਕਿਆ ਜਾਵੇ।
8. ਪੂਰੀ ਵੋਟਿੰਗ ਪ੍ਰਕਿਰਿਆ ਦੀ 100% ਵੀਡੀਓਗ੍ਰਾਫੀ ਕੀਤੀ ਜਾਵੇ।
9. ਪੇਂਡੂ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਜਾਵੇ।
ਇਹ ਵੀ ਪੜ੍ਹੋ: Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ 'ਤੇ ਅੱਜ ਵੋਟਿੰਗ, ਜਾਣੋ ਛੇਵੇਂ ਪੜਾਅ ਦੀ ਵੋਟਿੰਗ ਦਾ ਪੂਰਾ ਵੇਰਵਾ