Jarnail Singh Bajwa: ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਾਈਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਸੰਨੀ ਬਾਜਵਾ ਨੂੰ ਅੱਜ (30 ਅਗਸਤ) ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਇਸ ਮੌਕੇ ਏਡੀਜੀਪੀ ਪ੍ਰਵੀਨ ਸਿਨਹਾ ਅਤੇ ਐਸਐਸਪੀ ਮੁਹਾਲੀ ਦੀਪਕ ਪਾਰੀਕ ਵੀ ਅਦਾਲਤ ਵਿੱਚ ਮੌਜੂਦ ਹਨ।


COMMERCIAL BREAK
SCROLL TO CONTINUE READING

ਦੱਸਦਈਏ ਕਿ ਬੀਤੀ ਦੇਰ ਸ਼ਾਮ ਮੋਹਾਲੀ ਪੁਲਿਸ ਨੇ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਸੋਹਾਣਾ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਗਿਆ। ਸੋਹਾਣਾ ਥਾਣੇ ਵਿੱਚ ਦਰਜ ਪੁਰਾਣੇ ਮਾਮਲੇ ਵਿੱਚ ਬਾਜਵਾ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਉਂਜ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਪਰਚੇ ਦਰਜ ਹਨ। ਪੰਜਾਬ ਪੁਲਿਸ ਅਤੇ ਸਿਆਸੀ ਆਗੂਆਂ ਨਾਲ ਉਸ ਦਾ ਚੰਗਾ ਰਸੂਖ ਹੋਣ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ।


ਦਰਅਸਲ 'ਚ ਪੰਜਾਬ ਪੁਲਿਸ ਇੱਕ ਸਾਲ ਤੱਕ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਸ 'ਤੇ ਹਾਈਕੋਰਟ ਨੇ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਰਨੈਲ ਸਿੰਘ ਬਾਜਵਾ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।


ਜਸਟਿਸ ਸੰਦੀਪ ਮੌਦਗਿਲ ਨੇ ਹੁਕਮਾਂ ਵਿੱਚ ਕਿਹਾ ਸੀ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਜ਼ਿਲ੍ਹੇ ਦੀ ਪੁਲਿਸ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ ਹੈ। ਅਦਾਲਤ ਇਸ ਪਿੱਛੇ ਕਾਰਨਾਂ ਨੂੰ ਸਮਝ ਰਹੀ ਹੈ। ਜਸਟਿਸ ਮੌਦਗਿਲ ਨੇ ਪੰਜਾਬ ਦੇ ਡੀਜੀਪੀ ਨੂੰ ਹਲਫ਼ਨਾਮਾ ਦਾਇਰ ਕਰਨ ਅਤੇ ਪੁਲਿਸ ਦੀ ਭੂਮਿਕਾ ਬਾਰੇ ਸਥਿਤੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।


ਹਾਈਕੋਰਟ 'ਚ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੁਲਿਸ ਨੂੰ 5 ਵਾਰ ਫਟਕਾਰ ਲਗਾਈ ਅਤੇ ਬਾਜਵਾ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਦਿੱਤੇ, ਇੱਥੋਂ ਤੱਕ ਕਿ ਹਾਈਕੋਰਟ ਨੇ ਐਸ.ਐਸ.ਪੀ ਨੂੰ ਹਲਫੀਆ ਬਿਆਨ ਰਾਹੀਂ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੱਤੇ ਸਨ। ਇਸਦੇ ਬਾਵਜੂਦ ਪੁਲਿਸ ਹਾਈਪ੍ਰੋਫਾਈਲ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ ਪਰ ਬੀਤੀ ਸ਼ਾਮ ਪੁਲਿਸ ਨੇ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਹੈ। 


ਖਰੜ ਥਾਣੇ ਵਿੱਚ ਬਾਜਵਾ ਖ਼ਿਲਾਫ਼ ਧੋਖਾਧੜੀ ਦੇ ਕਈ ਪਰਚੇ ਦਰਜ ਹਨ। ਬਾਜਵਾ ਤੋਂ ਕਥਿਤ ਤੌਰ ’ਤੇ ਦੁਖੀ ਸਾਬਕਾ ਸਰਪੰਚ ਨੇ ਕੁਝ ਸਮਾਂ ਪਹਿਲਾਂ ਅਦਾਲਤ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਬਾਅਦ ਵਿੱਚ ਸਾਬਕਾ ਸਰਪੰਚ ਦਾ ਪੁੱਤ ਇਨਸਾਫ਼ ਲਈ ਖੱਜਲ-ਖੁਆਰ ਹੁੰਦਾ ਰਿਹਾ। ਜਰਨੈਲ ਬਾਜਵਾ ’ਤੇ ਸੰਨੀ ਐਨਕਲੇਵ ਵਿੱਚ ਇੱਕ ਪਲਾਟ ਅੱਗੇ ਕਈ-ਕਈ ਜਣਿਆਂ ਨੂੰ ਵੇਚਣ ਅਤੇ ਪਾਣੀ ਨਿਕਾਸੀ ਨਾਲਿਆਂ ਨੂੰ ਕਵਰ ਕਰਨ ਦੇ ਵੀ ਦੋਸ਼ ਲੱਗਦੇ ਰਹੇ ਹਨ।