Haryana News: ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਚੰਡੀਗੜ੍ਹ ਪੁਲਿਸ ਨੇ ਸਾਬਕਾ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਹੁਣ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰੇਗੀ। ਦੋਸ਼ ਆਇਦ ਹੋਣ ਤੋਂ ਬਾਅਦ ਇਸ ਮਾਮਲੇ 'ਚ ਸੰਦੀਪ ਸਿੰਘ ਖਿਲਾਫ਼ ਅਪਰਾਧਿਕ ਮੁਕੱਦਮਾ ਸ਼ੁਰੂ ਹੋ ਜਾਵੇਗਾ।


COMMERCIAL BREAK
SCROLL TO CONTINUE READING

ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਨੂੰ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ਵਿੱਚ ਮੁਲਜ਼ਮ ਬਣਾਇਆ ਹੈ। ਹੁਣ ਚਲਾਨ 'ਚ ਸ਼ਾਮਲ ਦੋਸ਼ਾਂ 'ਤੇ ਬਹਿਸ ਸ਼ੁਰੂ ਹੋਵੇਗੀ। ਸੰਦੀਪ ਸਿੰਘ ਨੂੰ ਅਦਾਲਤ ਦੀ ਅਗਲੀ ਪੇਸ਼ੀ 'ਤੇ ਪੇਸ਼ ਹੋਣਾ ਪਵੇਗਾ।


ਇਹ ਵੀ ਪੜ੍ਹੋ: Punjab News: ਪੰਜਾਬ 'ਚ ਈ-ਨੈਮ ਰਾਹੀਂ ਹੋਇਆ 10,000 ਕਰੋੜ ਰੁਪਏ ਦੇ ਖੇਤੀਬਾੜੀ ਜਿਨਸਾਂ ਦਾ ਈ-ਵਪਾਰ

26 ਦਸੰਬਰ 2022 ਨੂੰ ਜੂਨੀਅਰ ਮਹਿਲਾ ਕੋਚ ਨੇ ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਸਮੇਤ ਕਈ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ 31 ਦਸੰਬਰ ਨੂੰ ਰਾਤ 11 ਵਜੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਤਹਿਤ ਕੇਸ ਦਰਜ ਕੀਤਾ ਸੀ।


ਇਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਡੀਐਸਪੀ ਈਸਟ ਪਲਕ ਗੋਇਲ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਇਸ ਵਿੱਚ ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਊਸ਼ਾ ਅਤੇ ਮਹਿਲਾ ਐਸਆਈ ਕਿਰੰਤਾ ਸ਼ਾਮਲ ਸਨ। ਐਸਆਈਟੀ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 509 ਜੋੜ ਦਿੱਤੀ ਹੈ।


ਇਹ ਵੀ ਪੜ੍ਹੋ:Khanna News: ਨੈਸ਼ਨਲ ਹਾਈਵੇ 'ਤੇ ਬਾਈਕ ਦਾ ਟਾਇਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਨੌਜਵਾਨ ਦੀ ਮੌਤ


ਇਸ ਮਾਮਲੇ ਵਿੱਚ ਅੱਠ ਮਹੀਨਿਆਂ ਦੀ ਪੁਲਿਸ ਜਾਂਚ ਦੌਰਾਨ ਪੀੜਤ ਮਹਿਲਾ ਕੋਚ ਨੇ ਕਈ ਵਾਰ ਚੰਡੀਗੜ੍ਹ ਪੁਲਿਸ ’ਤੇ ਹਰਿਆਣਾ ਸਰਕਾਰ ਦੇ ਦਬਾਅ ਹੇਠ ਚਲਾਨ ਪੇਸ਼ ਕਰਨ ਵਿੱਚ ਦੇਰੀ ਕਰਨ ਦੇ ਦੋਸ਼ ਲਾਏ ਹਨ। ਇਸ ਦੌਰਾਨ ਪੀੜਤਾ ਨੇ ਹਰਿਆਣਾ ਖੇਡ ਵਿਭਾਗ ਦੇ ਕੁਝ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਵੀ ਦਿੱਤੀ ਕਿ ਉਨ੍ਹਾਂ ਨੇ ਇਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਨਾਲ ਹੀ ਹਾਲ ਹੀ ਵਿੱਚ ਖੇਡ ਵਿਭਾਗ ਵੱਲੋਂ ਮਹਿਲਾ ਕੋਚ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਅੱਤਲੀ ਦੀ ਕਾਰਵਾਈ ਨੂੰ ਗਲਤ ਦੱਸਦੇ ਹੋਏ ਪੀੜਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕਰਨ ਦਾ ਬਿਆਨ ਦਿੱਤਾ ਹੈ।


ਪੀੜਤ ਧਿਰ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਦੀ ਲਗਾਤਾਰ ਲੜਾਈ ਤੋਂ ਬਾਅਦ ਕਰੀਬ ਅੱਠ ਮਹੀਨਿਆਂ ਵਿੱਚ ਚਲਾਨ ਪੇਸ਼ ਕੀਤਾ ਹੈ। ਹੁਣ ਪੀੜਤ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਦੀਪਾਂਸ਼ੂ ਬਾਂਸਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੀੜਤਾ ਨੇ ਸੰਦੀਪ ਸਿੰਘ ਖ਼ਿਲਾਫ਼ ਜਬਰਨ ਜਬਰ-ਜ਼ਨਾਹ ਦੀ ਸ਼ਿਕਾਇਤ ਵੀ ਦਿੱਤੀ ਹੈ ਪਰ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 ਅਤੇ 511 ਨਹੀਂ ਜੋੜੀ ਹੈ। ਹੁਣ ਅਸੀਂ ਦੋਸ਼ ਤੈਅ ਕਰਨ ਦੌਰਾਨ ਇਨ੍ਹਾਂ ਧਾਰਾਵਾਂ ਨੂੰ ਜੋੜਨ 'ਤੇ ਬਹਿਸ ਕਰਾਂਗੇ।


(ਮਨੋਜ ਜੋਸ਼ੀ ਦੀ ਰਿਪੋਰਟ)