ਚੰਡੀਗੜ੍ਹ: ਹਲਕਾ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ  ਲਗਾਤਾਰ ਕਾਨੂੰਨ ਦਾ ਸਿਕੰਜਾ ਕੱਸਦਾ ਜਾ ਰਿਹਾ ਹੈ। ਮਹਿਲਾ ਕਮਿਸ਼ਨ ਦੁਆਰਾ ਵਿਧਾਇਕ ਨੂੰ ਤਲਬ ਕਰਦਿਆਂ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ।


COMMERCIAL BREAK
SCROLL TO CONTINUE READING

 


ਦੋਹਾਂ ਪੱਖਾਂ ਦੀ ਸੁਣਵਾਈ ਕੀਤੀ ਜਾਵੇਗੀ: ਮਨੀਸ਼ਾ ਗੁਲਾਟੀ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਇਸ ਮਾਮਲੇ ’ਚ ਦੋਹਾਂ ਪੱਖਾਂ ਦੀ ਸੁਣਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਇਕ ਪਠਾਣਮਾਜਰਾ ਦੀ ਸੋਸ਼ਲ ਮੀਡੀਆ ’ਤੇ ਇਕ ਕਥਿਤ ਅਸ਼ਲੀਲ ਵੀਡਿਓ ਵਾਇਰਲ ਹੋ ਰਹੀ ਹੈ। ਵਿਧਾਇਕ ਦਾ ਦੋਸ਼ ਹੈ ਇਹ ਵੀਡੀਓ ਉਨ੍ਹਾਂ ਦੀ ਦੂਜੀ ਪਤਨੀ ਨੇ ਬਣਾਈ ਹੈ, ਜਿਸਨੂੰ ਹੁਣ ਉਸ ਵਲੋਂ ਵਾਇਰਲ ਕੀਤਾ ਗਿਆ ਹੈ।


 



ਅਕਾਲੀ ਦਲ ਨੇ ਪਠਾਣਮਾਜਰਾ ਮਾਮਲੇ ’ਚ ਸਰਕਾਰ ਨੂੰ ਘੇਰਿਆ
ਉੱਧਰ ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਗ ਕੀਤੀ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ’ਚ ਪਾਰਟੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। 
ਚੰਦੂਮਾਜਰਾ ਨੇ ਕਿਹਾ ਕਿ "ਪਠਾਣਮਾਜਰਾ ’ਤੇ ਉਨ੍ਹਾਂ ਦੀ ਦੂਸਰੀ ਪਤਨੀ ਵਲੋਂ ਲਗਾਏ ਗਏ ਦੋਸ਼ਾਂ ਨੇ ਸਮਾਜ ’ਚ ਗਲਤ ਸੁਨੇਹਾ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਵਿਧਾਇਕ ਖ਼ਿਲਾਫ਼ ਤੁੰਰਤ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਹਾਈਕਮਾਂਡ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਮਝਿਆ ਜਾਵੇਗਾ ਕਿ ਔਰਤਾਂ ਦੀ ਇੱਜਤ ਤੇ ਰਾਖੀ ਲਈ ਕੇਜਰੀਵਾਲ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਸਿਰਫ਼ ਖਾਲੀ ਗੱਲਾਂ ਹਨ।