Ludhiana News: ਸ਼ੱਕੀ ਹਾਲਾਤ `ਚ ਹੋਈ ਬੱਚੇ ਦੀ ਮੌਤ ਮਗਰੋਂ ਦਫਨਾਈ ਲਾਸ਼ ਕੱਢ ਕੇ ਪੋਸਟਮਾਰਟਮ ਲਈ ਭੇਜੀ
Ludhiana News: ਬੱਚੇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਮਗਰੋਂ ਦਫਨਾਈ ਗਈ ਲਾਸ਼ ਨੂੰ ਮੁੜ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
Ludhiana News: ਲੁਧਿਆਣਾ ਵਿੱਚ ਇੱਕ ਬੱਚੇ ਦੀ 6 ਸਤੰਬਰ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਦਫਨਾ ਦਿੱਤਾ ਗਿਆ ਪਰ 24 ਘੰਟੇ ਬਾਅਦ ਫਿਰ ਤੋਂ ਲਾਸ਼ ਨੂੰ ਬਾਹਰ ਕੱਢਿਆ ਲਿਆ ਗਿਆ ਹੈ। ਲਾਸ਼ ਦਾ ਪੋਸਮਾਰਟਮ ਕਰਵਾਇਆ ਜਾਵੇਗਾ। ਬੱਚੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਿਸ ਹਸਪਤਾਲ ਵਿੱਚ ਉਹ ਬੱਚੇ ਨੂੰ ਸਭ ਤੋਂ ਪਹਿਲਾਂ ਇਲਾਜ ਲਈ ਲੈ ਕੇ ਗਏ ਸਨ।
ਉਸ ਹਸਪਤਾਲ ਦੇ ਸਟਾਫ ਨੇ ਜ਼ਿਆਦਾ ਮਾਤਰਾ ਵਿੱਚ ਗਲੂਕੋਜ ਚੜ੍ਹਾ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਆਪਣੀ ਲਾਪਰਵਾਹੀ ਛੁਪਾਉਣ ਲਈ ਬੱਚੇ ਨੂੰ ਹੋਰ ਹਸਪਤਾਲ ਵਿੱਚ ਤੁਰੰਤ ਰੈਫਰ ਕਰਨ ਲੱਗਾ। ਜਦ ਉਹ ਬੱਚੀ ਨੂੰ ਦੂਜੇ ਹਸਪਤਾਲ ਲੈ ਕੇ ਗਏ ਤਾਂ ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਬੱਚੇ ਦੀ ਪਛਾਣ ਪ੍ਰਤਾਪ ਕੁਮਾਰ (4 ਸਾਲ) ਦੇ ਰੂਪ ਵਿੱਚ ਹੋਈ ਹੈ।
ਬੱਚੇ ਦੇ ਪਿਤਾ ਪਵਨ ਨੇ ਦੱਸਿਆ ਕਿ ਉਹ 33 ਫੁੱਟਾ ਰੋਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਬੇਟੇ ਪ੍ਰਤਾਪ ਨੇ 6 ਸਤੰਬਰ ਨੂੰ ਰਾਤ ਨੂੰ ਖਾਣਾ ਖਾਦਾ। ਇਸ ਤੋਂ ਬਾਅਦ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ। ਉਹ ਬੱਚੇ ਨੂੰ ਲੈ ਕੇ 33 ਫੁੱਟਾ ਨਜ਼ਦੀਕ ਸੁੰਦਰ ਨਗਰ ਚੌਕ ਵਿੱਚ ਇੱਕ ਨਿੱਜੀ ਹਸਪਤਾਲ ਲੈ ਗਏ ਜਿਥੇ ਪ੍ਰਤਾਪ ਨੂੰ ਦਾਖ਼ਲ ਕਰਵਾ ਦਿੱਤਾ ਗਿਆ। ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਇਲਾਜ ਨਹੀਂ ਕੀਤਾ, ਜਦੋਂਕਿ ਡਾਕਟਰ ਦੇ ਸਹਾਇਕ ਨੇ ਬੱਚੇ ਨੂੰ ਗਲੂਕੋਜ਼ ਲਗਾਇਆ।
ਪਵਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬੱਚੇ ਦੀ ਗੰਭੀਰ ਹਾਲਤ ਜ਼ਿਆਦਾ ਗਲੂਕੋਜ਼ ਲੈਣ ਕਾਰਨ ਹੋਈ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਵਨ ਨੇ ਦੱਸਿਆ ਕਿ ਉਹ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ। ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਾ। ਜਿਸ ਕਾਰਨ ਉਸ ਨੇ ਚੌਂਕੀ ਮੁੰਡੀਆ ਕਲਾਂ ਵਿੱਚ ਸ਼ਿਕਾਇਤ ਦਰਜ ਕਰਵਾਈ। ਮਰਨ ਵਾਲਾ ਬੱਚਾ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।
ਮਾਮਲੇ ਦੀ ਜਾਂਚ ਤੋਂ ਬਾਅਦ ਜ਼ਮੀਨ 'ਚ ਦੱਬੀ ਬੱਚੇ ਪ੍ਰਤਾਪ ਦੀ ਲਾਸ਼ ਨੂੰ ਪੁਲਿਸ ਦੀ ਮੌਜੂਦਗੀ 'ਚ 24 ਘੰਟੇ ਬਾਅਦ ਜ਼ਮੀਨ 'ਚੋਂ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਬੱਚੇ ਦੀ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਹਸਪਤਾਲ ਪ੍ਰਸ਼ਾਸਨ ਦੀ ਸਫ਼ਾਈ
ਇਸ ਮਾਮਲੇ ਵਿੱਚ ਨਿੱਜੀ ਹਸਪਤਾਲ ਦੇ ਮਾਲਕ ਮਨਪ੍ਰੀਤ ਨੇ ਦੱਸਿਆ ਕਿ ਬੱਚੇ ਦੇ ਪਲੇਟਲੈਟ ਸੈੱਲ ਸਿਰਫ਼ 17 ਹਜ਼ਾਰ ਸਨ ਜਿਸ ਹਾਲਤ ਵਿੱਚ ਉਸ ਦਾ ਪਰਿਵਾਰ ਉਸ ਨੂੰ ਲੈ ਕੇ ਆਇਆ ਸੀ। ਜਦੋਂ ਕਿ ਬੱਚੇ ਦੇ ਸੈੱਲ ਡੇਢ ਲੱਖ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਇਨਸਾਨੀਅਤ ਦੇ ਨਾਤੇ ਬੱਚੇ ਨੂੰ ਕਿਸੇ ਹੋਰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਆਪਣੀ ਕਾਰ ਮੁਫ਼ਤ ਵਿੱਚ ਭੇਜ ਦਿੱਤੀ। ਬਾਕੀ ਉਨ੍ਹਾਂ ਨੂੰ ਪੁਲਿਸ ਦੀ ਜਾਂਚ 'ਤੇ ਪੂਰਾ ਭਰੋਸਾ ਹੈ।
ਇਹ ਵੀ ਪੜ੍ਹੋ : G20 Summit 2023 Day 1: ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ G20 ਸਿਖਰ ਸੰਮੇਲਨ, ਜਾਣੋ ਅੱਜ ਦੇ ਦਿਨ ਦਾ ਕਾਰਜਕ੍ਰਮ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ