Nangal News: ਕੂੜਾ ਵੱਖ ਕਰਨ ਵਾਲੀ ਮਸ਼ੀਨ ਦੀ ਲਪੇਟ `ਚ ਆਉਣ ਨਾਲ ਨੌਜਵਾਨ ਦੀ ਮੌਤ
Nangal News: ਨਗਰ ਕੌਂਸਲ ਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਵੱਖ ਕਰਨ ਵਾਲੀ ਮਸ਼ੀਨ ਦੀ ਲਪੇਟ ਵਿੱਚ ਆਉਣ ਨਾਲ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
Nangal News: ਨੰਗਲ ਦੇ ਬਾਬਾ ਉਧੋ ਮੰਦਿਰ ਨੇੜੇ ਨੰਗਲ ਨਗਰ ਕੌਂਸਲ ਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਵੱਖ ਕਰਨ ਵਾਲੀ ਮਸ਼ੀਨ ਦੀ ਲਪੇਟ ਵਿੱਚ ਆਉਣ ਨਾਲ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੰਪਿੰਗ ਗਰਾਊਂਡ 'ਤੇ ਕੰਮ ਕਰ ਰਹੀ ਪ੍ਰਾਈਵੇਟ ਕੰਪਨੀ ਦੇ ਸੁਪਰਡੈਂਟ ਮੁਹੰਮਦ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਦਾਊਦ ਵਜੋਂ ਹੋਈ ਹੈ।
ਉਸ ਨੇ ਦੱਸਿਆ ਕਿ ਦੁਪਹਿਰ ਕਰੀਬ ਜਦੋਂ ਦਾਊਦ ਉਕਤ ਮਸ਼ੀਨ 'ਤੇ ਕੰਮ ਕਰ ਰਿਹਾ ਸੀ ਤਾਂ ਉਸ ਦਾ ਹੱਥ ਮਸ਼ੀਨ ਦੀ ਬੈਲਟ 'ਤੇ ਚਲਾ ਗਿਆ ਤੇ ਬੈਲਟ ਨਾਲ ਦਾਊਦ ਨੂੰ ਖਿੱਚ ਲਿਆ, ਜਿਸ ਤੋਂ ਬਾਅਦ ਦਾਊਦ ਬੈਲਟ ਤੇ ਡਰੰਮ ਦੇ ਵਿਚਕਾਰ ਦੱਬ ਗਿਆ। ਉਸ ਨੇ ਦੱਸਿਆ ਕਿ ਉਸ ਨੇ ਤੁਰੰਤ ਇੱਕ ਹੋਰ ਮਜ਼ਦੂਰ ਦੀ ਮਦਦ ਨਾਲ ਮਸ਼ੀਨ ਨੂੰ ਰੋਕਿਆ ਤੇ ਪੇਟੀ ਕੱਟ ਕੇ ਵਿਅਕਤੀ ਨੂੰ ਉਥੋਂ ਬਾਹਰ ਕੱਢ ਲਿਆ ਅਤੇ ਤੁਰੰਤ ਉਸ ਨੂੰ ਉਥੋਂ ਚੁੱਕ ਕੇ ਨੰਗਲ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਇੱਕ ਹੋਰ ਦੋਸਤ ਅਫ਼ਾਕ ਨੇ ਦੱਸਿਆ ਕਿ ਉਹ ਹਰ ਰੋਜ਼ ਇਸ ਮਸ਼ੀਨ 'ਤੇ ਕੰਮ ਕਰਦਾ ਸੀ ਤੇ ਮਸ਼ੀਨ ਦੀ ਬੈਲਟ ਰਿਪੇਅਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਦਾਊਦ ਦੀ ਉਮਰ ਕਰੀਬ 23 ਸਾਲ ਹੈ ਅਤੇ ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਪਿੰਡ ਖਾਰੀ ਦਾ ਰਹਿਣ ਵਾਲਾ ਹੈ ਤੇ ਘਰ ਵਿੱਚ ਉਸਦੀ ਮਾਂ, ਭੈਣ ਤੇ ਭਰਾ ਵੀ ਹਨ।
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਹਰਮਨ ਨੇ ਦੱਸਿਆ ਕਿ ਦਾਊਦ ਡੰਪਿੰਗ ਗਰਾਊਂਡ 'ਚ ਕੰਮ ਕਰਦਾ ਸੀ ਤੇ ਮਸ਼ੀਨ 'ਚ ਆ ਜਾਣ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਨੰਗਲ ਤੋਂ ਫ਼ੋਨ 'ਤੇ ਸੂਚਨਾ ਮਿਲੀ ਹੈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ, ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Farmers Protest News: 18 ਜਨਵਰੀ ਤੋਂ ਚੰਡੀਗੜ੍ਹ 'ਚ ਕਿਸਾਨ ਅੰਦੋਲਨ; ਹੱਕੀ ਮੰਗਾਂ ਲਈ ਹੋਵੇਗਾ ਸੰਘਰਸ਼
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ