Punjab Crime: ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼
Punjab Crime: ਖੰਨਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਹਥਿਆਰਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
Punjab Crime: ਖੰਨਾ ਪੁਲਿਸ ਨੇ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ ਹਨ। ਹਰਿਆਣਾ ਦੇ ਜ਼ਿਲ੍ਹਾ ਝੱਜਰ ਦਾ ਰਹਿਣ ਵਾਲਾ ਇਹ ਵਿਅਕਤੀ ਬਾਹਰੀ ਸੂਬਿਆਂ ਤੋਂ ਅਸਲਾ ਲਿਆ ਕੇ ਪੰਜਾਬ ਅੰਦਰ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਗਿਰੋਹ ਦੇ ਪਰਦਾਫਾਸ਼ ਕਰਨ ਦੀ ਜਾਣਕਾਰੀ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇੰਸਪੈਕਟਰ ਅਮਨਦੀਪ ਸਿੰਘ ਸੀ.ਆਈ.ਏ. ਇੰਚਾਰਜ ਖੰਨਾ ਦੀ ਅਗਵਾਈ ਹੇਠ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸਦੇ ਇੱਕ ਮੈਂਬਰ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ ਗਏ।
ਸੀ.ਆਈ.ਏ.ਸਟਾਫ ਖੰਨਾ ਦੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕੱਦੋ ਚੌਂਕ ਦੋਰਾਹਾ ਪੁਲ ਹੇਠਾਂ ਮੌਜੂਦ ਸੀ ਤਾਂ ਪੁਲਿਸ ਪਾਰਟੀ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਦਿਵੇਸ਼ ਵਾਸੀ ਥੋਰੀ ਜ਼ਿਲ੍ਹਾ ਝੱਜਰ (ਹਰਿਆਣਾ) ਜਿਸ ਪਾਸ ਨਾਜਾਇਜ਼ ਅਸਲੇ ਦੇਸੀ ਕੱਟੇ ਹਨ, ਜਿਸਦੇ ਗੈਂਗਸਟਰਾਂ ਨਾਲ ਸਬੰਧ ਹਨ। ਮੁਖ਼ਬਰ ਨੇ ਪੁਲਿਸ ਨੂੰ ਦੱਸਿਆ ਕਿ ਦਿਵੇਸ਼ ਬੱਸ ਅੱਡਾ ਜੀਟੀ ਰੋਡ ਦੋਰਾਹਾ ਵਿਖੇ ਸ਼ੱਕੀ ਹਾਲਤ ਵਿੱਚ ਖੜ੍ਹਾ ਹੈ। ਪੁਲਿਸ ਪਾਰਟੀ ਨੇ ਬੱਸ ਅੱਡਾ ਜੀ.ਟੀ. ਰੋਡ ਦੋਰਾਹਾ ਵਿਖੇ ਛਾਪੇਮਾਰੀ ਕਰਕੇ ਦਿਵੇਸ਼ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : Pearl Scam: ਹੁਣ SIT ਕਰੇਗੀ 60 ਹਜ਼ਾਰ ਕਰੋੜ ਦੇ ਘੁਟਾਲੇ ਦੀ ਜਾਂਚ; ਜਾਣੋ ਪੂਰਾ ਮਾਮਲਾ
ਫਿਰ ਦਿਵੇਸ਼ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 05 ਦੇਸੀ ਕੱਟੇ 315 ਬੋਰ ਬਰਾਮਦ ਹੋਏ। ਐਸਐਸਪੀ ਨੇ ਅੱਗੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਦਿਵੇਸ਼ ਦੇ ਕਈ ਬਾਹਰਲੇ ਜ਼ਿਲ੍ਹਿਆਂ ਦੇ ਗੈਂਗਸਟਰਾਂ ਨਾਲ ਸਬੰਧ ਹਨ, ਜਿਨ੍ਹਾਂ ਨਾਲ ਮਿਲ ਕੇ ਉਹ ਪੰਜਾਬ ਵਿੱਚ ਅਸਲਾ ਸਪਲਾਈ ਕਰਦਾ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਰੋਕਿਆ ਗਿਆ ਹੈ। ਦੋਸ਼ੀ ਦੇ ਸਾਥੀਆਂ ਸਬੰਧੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਹਿਮ ਖੁਲਾਸੇ ਹੋ ਸਕਦੇ ਹਨ। ਫਿਲਹਾਲ ਦਿਵੇਸ਼ ਦਾ ਰਿਮਾਂਡ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab News: ਮਲੋਟ 'ਚ ਵਿਅਕਤੀ ਦਾ ਕਤਲ, ਗੁਆਂਢੀ 'ਤੇ ਲੱਗਿਆ ਇਲਜ਼ਾਮ