Machhiwara News: ਮਾਛੀਵਾੜਾ ਦੇ ਕਬਰਸਿਤਾਨ ’ਚ ਜ਼ਿੰਦਾ ਦਫ਼ਨ ਹੋਈ ਜਵਾਨੀ, ਨਸ਼ੇ ਦੀ ਓਵਰਡੋਜ਼ ਨਾਲ ਗਈ ਨੌਜਵਾਨ ਦੀ ਜਾਨ
Machhiwara News: ਨਸ਼ਿਆਂ ਦੀ ਦਲਦਲ ਕਾਰਨ ਪੰਜਾਬ ਵਿੱਚ ਰੋਜ਼ਾਨਾ ਹੀ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਮਾਛੀਵਾੜਾ ਨਜ਼ਦੀਕ ਸਥਿਤ ਮਾਣੇਵਾਲ ਪਿੰਡ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।
Machhiwara News: ਸਥਾਨਕ ਰੋਪੜ ਰੋਡ ’ਤੇ ਸਥਿਤ ਕਬਰਸਿਤਾਨ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੇੜੇਲੇ ਪਿੰਡ ਮਾਣੇਵਾਲ ਦੇ ਨੌਜਵਾਨ ਕੁਲਦੀਪ ਸਿੰਘ ਲਾਡੀ (22) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਦੇ ਇਸ ਕਬਰਸਿਤਾਨ ਵਿਚ ਔਰਤ ਖਿੱਲਰੀਆਂ ਲੱਕੜਾਂ ਚੁੱਕਣ ਲਈ ਗਈ ਸੀ ਜਿਸ ਨੇ ਇੱਕ ਨੌਜਵਾਨ ਨੂੰ ਮੂਧੇ ਮੂੰਹ ਡਿੱਗਿਆ ਪਿਆ ਦੇਖਿਆ।
ਇਸ ਔਰਤ ਨੇ ਨੇੜੇ ਹੀ ਬਣੀ ਇੱਕ ਪੀਰਾਂ ਦੀ ਦਰਗਾਹ ’ਤੇ ਬੈਠੇ ਬਾਬੇ ਤੇ ਲੋਕਾਂ ਨੂੰ ਇਸ ਨੌਜਵਾਨ ਬਾਰੇ ਦੱਸਿਆ ਜਿਨ੍ਹਾਂ ਮੌਕੇ ’ਤੇ ਆ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਿਸ ਦੀ ਬਾਂਹ ਵਿਚ ਟੀਕਾ ਵੀ ਲੱਗਿਆ ਹੋਇਆ ਸੀ ਜਿਸ ਤੋਂ ਪਤਾ ਲੱਗਾ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ। ਲੋਕਾਂ ਵੱਲੋਂ ਤੁਰੰਤ ਮਾਛੀਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਜਾਂਚ ਕੀਤੀ ਤਾਂ ਇਸ ਮ੍ਰਿਤਕ ਨੌਜਵਾਨ ਦੀ ਜੇਬ ’ਚੋਂ ਅਜਿਹਾ ਕੋਈ ਦਸਤਾਵੇਜ਼ ਨਾ ਮਿਲਿਆ ਜਿਸ ਤੋਂ ਇਸ ਦੀ ਪਛਾਣ ਹੋ ਸਕੇ।
ਪੁਲਿਸ ਵੱਲੋਂ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲੀ ਜਿਨ੍ਹਾਂ ਪੁਲਿਸ ਥਾਣਾ ਵਿਖੇ ਆ ਕੇ ਸਨਾਖ਼ਤ ਕੀਤੀ ਕਿ ਉਨ੍ਹਾਂ ਦਾ ਲੜਕਾ ਕੁਲਦੀਪ ਸਿੰਘ ਲਾਡੀ ਹੈ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੁਲਦੀਪ ਸਿੰਘ ਕੰਬਾਇਨ ਮਸ਼ੀਨ ’ਤੇ ਨੌਕਰੀ ਕਰਦਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਮਾੜੀ ਸੰਗਤ ਵਿਚ ਪੈ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ।
ਪਰਿਵਾਰ ਵੱਲੋਂ ਉਸ ਨੂੰ 2 ਵਾਰ ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵੀ ਕਰਵਾਇਆ ਪਰ ਉਹ ਫਿਰ ਉੱਥੋਂ ਆ ਕੇ ਨਸ਼ੇ ਕਰਨ ਲੱਗ ਪੈਂਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਤੋਂ ਲਾਪਤਾ ਸੀ ਜਿਸ ਦੀ ਉਹ ਤਲਾਸ਼ ਕਰ ਰਹੇ ਸਨ ਪਰ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਕੁਲਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਮਾਣੇਵਾਲ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿਚ ਨਸ਼ਾ ਫੈਲਦਾ ਜਾ ਰਿਹਾ ਹੈ ਜਿਸਨੂੰ ਨੱਥ ਪਾਉਣਾ ਜ਼ਰੂਰੀ ਹੈ ਤਾਂ ਜੋ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਨਾ ਚੜ ਸਕਣ।
ਅੱਜ ਲੋਕਾਂ ਨੇ ਮਾਛੀਵਾੜਾ ਦੇ ਕਬਰਸਿਤਾਨ ਵਿੱਚ ਨਸ਼ੇ ਨਾਲ ਜ਼ਿੰਦਾ ਜਵਾਨੀ ਦਫ਼ਨ ਹੁੰਦੀ ਦੇਖੀ ਕਿਉਂਕਿ ਕਬਰਾਂ ’ਤੇ ਨਸ਼ੇ ਕਾਰਨ ਮਰਿਆ ਨੌਜਵਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ ਕਿ ਜੇਕਰ ਇਲਾਕੇ ਵਿਚ ਨਸ਼ੇ ਦਾ ਖਾਤਮਾ ਨਾ ਕੀਤਾ ਤਾਂ ਪੰਜਾਬ ਦੀ ਜ਼ਿੰਦਾ ਜਵਾਨੀ ਇਸੇ ਤਰ੍ਹਾਂ ਕਬਰਾਂ ਵਿਚ ਦਫ਼ਨ ਹੁੰਦੀ ਰਹੇਗੀ।
ਇਕਜੁੱਟ ਹੋਣ ਦੀ ਅਪੀਲ
ਸ਼੍ਰੋਮਣੀ ਅਕਾਲੀ ਜਨਰਲ ਸਕੱਤਰ ਪੰਜਾਬ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਨਸ਼ੇ ਦਾ ਮੁੱਦਾ ਗੰਭੀਰ ਹੈ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਇਸ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਮਾਛੀਵਾੜਾ ਇਲਾਕੇ ਵਿਚ ਪਿਛਲੇ 2 ਹਫ਼ਤੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਿਸ ਕਾਰਨ ਇਲਾਕਾ ਨਿਵਾਸੀ ਕਾਫ਼ੀ ਚਿੰਤਤ ਹਨ ਕਿ ਕਿਤੇ ਨਸ਼ਿਆਂ ਦਾ ਦੈਂਤ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਨਿਗਲ ਜਾਵੇ।
ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ
ਲੰਘੀ 17 ਜੁਲਾਈ ਨੂੰ ਪਿੰਡ ਰੂੜੇਵਾਲ ਦਾ ਇੱਕ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਰਿਆ ਅਤੇ ਅੱਜ ਮਾਣੇਵਾਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਕੋਈ ਨਸ਼ਾ ਤਸਕਰ ਹੈ ਜੋ ਵੱਡੀ ਪੱਧਰ ’ਤੇ ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਕੋਈ ਨਸ਼ੇ ਨਾਲ ਮੌਤ ਨਹੀਂ ਹੋਈ ਮ੍ਰਿਤਕ ਦੇ ਘਰਦਿਆਂ ਵੱਲੋਂ ਨਸ਼ੇ ਦੇ ਆਦਿ ਅਤੇ ਨਸ਼ੇ ਨਾਲ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਸਰਕਾਰ ਕੋਲ ਗੁਹਾਰ ਵੀ ਲਗਾਈ ਹੈ ਕਿ ਜਲਦ ਤੋਂ ਜਲਦ ਨਸ਼ੇ ਤੇ ਕਾਬੂ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦਾ ਬੱਚਾ ਨਸ਼ੇ ਦੀ ਭੇਂਟ ਪਰ ਉਥੇ ਡੀਐਸਪੀ ਵਰਿਆਮ ਸਿੰਘ ਵੱਲੋਂ ਨਸ਼ੇ ਨਾਲ ਹੋਈ ਮੌਤ ਉਤੇ ਪਰਦਾ ਪਾਇਆ ਜਾ ਰਿਹਾ ਹੈ। ਜੋ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।
ਨਸ਼ੇੜੀਆਂ ਵੱਲੋਂ ਜੋ ਆਪਣੇ ਸਰੀਰ ਦੀਆਂ ਨਾੜਾਂ ਵਿਚ ਸ਼ਰਿੰਜ ਲਗਾ ਕੇ ਨਸ਼ਾ ਕੀਤਾ ਜਾ ਰਿਹਾ ਹੈ ਉਹ ਐਨਾ ਘਾਤਕ ਹੈ ਕਿ ਉਨ੍ਹਾਂ ਨੂੰ ਐਨਾ ਮੌਕਾ ਵੀ ਨਹੀਂ ਮਿਲਦਾ ਕਿ ਉਹ ਸ਼ਰਿੰਜ ਨੂੰ ਬਾਹਰ ਕੱਢ ਸਕਣ। ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨਾਂ ਦੀ ਮੌਤ ਦੇ ਜੋ ਹਾਲਾਤ ਦੇਖੇ ਉਸ ਵਿੱਚ ਨਸ਼ੇ ਦੀ ਸ਼ਰਿੰਜ ਸਰੀਰ ਅੰਦਰ ਲੱਗੀ ਹੀ ਰਹਿ ਜਾਂਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ।
ਨਸ਼ੇ ਦੀ ਸਪਲਾਈ ਨੇ ਖੜ੍ਹੇ ਕੀਤੇ ਕਈ ਸਵਾਲ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਨਸ਼ਾ ਤਸਕਰ ਇਹ ਚਿੱਟਾ ਸਪਲਾਈ ਕਰਦੇ ਹਨ ਉੱਥੇ ਇਹ ਸ਼ਰਿੰਜਾਂ ਨਸ਼ੇੜੀਆਂ ਨੂੰ ਮੈਡੀਕਲ ਸਟੋਰ ਤੋਂ ਬਿਨ੍ਹਾਂ ਡਾਕਟਰੀ ਪਰਚੀ ਤੋਂ ਕਿਵੇਂ ਮਿਲ ਜਾਂਦੀਆਂ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਜਿਹੇ ਮੈਡੀਕਲ ਸਟੋਰ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 2 ਹਫ਼ਤਿਆਂ ’ਚ ਦੋ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਸਾਹਮਣੇ ਆਉਣ ’ਤੇ ਦੂਸਰੇ ਪਾਸੇ ਇਲਾਕੇ ਵਿਚ ਇਹ ਚਰਚਾ ਵੀ ਛਿੜੀ ਹੈ ਕਿ ਜਿਹੜਾ ਵੀ ਤਸਕਰ ਇਹ ਨਸ਼ਾ ਸਪਲਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਸਿਖਲਾਈ ਲੈਣ ਲਈ ਪੰਜਾਬ ਦੇ ਹੈੱਡਮਾਸਟਰ ਰਵਾਨਾ, ਸੀਐਮ ਮਾਨ ਨੇ ਦਿੱਤੀ ਹਰੀ ਝੰਡੀ