Khanna News: ਪਾਇਲ ਇਲਾਕੇ ਵਿੱਚ ਗ਼ੈਰ ਤਰੀਕੇ ਨਾਲ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਇੱਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗੀ। ਇਸ ਤੋਂ ਬਾਅਦ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ।

ਪੁਲਿਸ ਨੇ ਜਦ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆਈ। ਪਾਇਲ ਥਾਣਾ ਵਿੱਚ ਪੰਜ ਲੋਕ ਪਰਨੀਤ ਸਿੰਘ, ਹਰਮਨਪ੍ਰੀਤ ਸਿੰਘ ਉਸ ਦੇ ਭਰਾ ਬਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਗਿੰਦਾ ਤੇ ਪ੍ਰਦੀਪ ਸਿੰਘ ਖ਼ਿਲਾਫ਼ ਹੱਤਿਆ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ।

ਜਾਣਕਾਰੀ ਅਨੁਸਾਰ ਪਾਇਲ ਦੇ ਕੱਦੋਂ ਰੋਡ ਉਤੇ ਗੁਰੂ ਕ੍ਰਿਪਤਾ ਵਿਦਿਆਲੇ ਦੇ ਨਾਮ ਉਤੇ ਇੱਕ ਘਰ ਵਿੱਚ ਨਸ਼ਾ ਮੁਕਤੀ ਕੇਂਦਰ ਗੈਰ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਥੇ ਕਰੀਬ ਦੋ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਭਰਤੀ ਕਰਵਾਇਆ ਗਿਆ ਸੀ। ਇਸ ਕੇਂਦਰ ਵਿੱਚ ਕਰੀਬ ਪੰਜ ਮਹੀਨੇ ਤੋਂ ਅੰਮ੍ਰਿਤਸਰ ਦਾ ਫਤਹਿ ਸਿੰਘ ਭਰਤੀ ਸੀ। ਕੇਂਦਰ ਵਿੱਚ ਭਰਤੀ ਨੌਜਵਾਨਾਂ ਨਾਲ ਗ਼ੈਰ ਮਨੁੱਖੀ ਸਲੂਕ ਕੀਤਾ ਜਾਂਦਾ ਸੀ। ਕੰਮ ਨਾ ਕਰਨ ਉਤੇ ਕੁੱਟਮਾਰ ਕੀਤੀ ਜਾਂਦੀ ਸੀ।

 

21 ਅਪ੍ਰੈਲ ਨੂੰ ਅਮਨਦੀਪ ਸਿੰਘ ਨੂੰ ਕੱਪੜੇ ਧੋਣ ਲਈ ਲਾਇਆ ਗਿਆ ਸੀ। ਅਮਨਦੀਪ ਹੌਲੀ-ਹੌਲੀ ਕੱਪੜੇ ਧੋ ਰਿਹਾ ਸੀ। ਇਸ ਕਾਰਨ ਉਕਤ ਮੁਲਜ਼ਮਾਂ ਨੇ ਰਾਤ ਨੂੰ ਹਾਲ ਦੇ ਅੰਦਰ ਅਮਨਦੀਪ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਤਿਹ ਸਿੰਘ ਤੇ ਹੋਰ ਨੌਜਵਾਨਾਂ ਦੇ ਸਾਹਮਣੇ ਅਮਨਦੀਪ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਕੁੱਟਮਾਰ ਦੌਰਾਨ ਅਮਨਦੀਪ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਅਮਨਦੀਪ ਸਿੰਘ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਸੈਂਟਰ ਵਿੱਚ ਦਾਖ਼ਲ ਹੋਰ ਨੌਜਵਾਨਾਂ ਨੂੰ ਬੰਦ ਕਰ ਦਿੱਤਾ। ਕੁਝ ਦਿਨਾਂ ਬਾਅਦ ਮੁਲਜ਼ਮ ਨਸ਼ਾ ਛੁਡਾਊ ਕੇਂਦਰ ਵਿੱਚ ਕਹਿਣ ਲੱਗਾ ਕਿ ਉਸ ਨੇ ਅਮਨਦੀਪ ਸਿੰਘ ਨੂੰ ਆਪਣੇ ਘਰ ਛੱਡ ਦਿੱਤਾ ਹੈ। ਇਸੇ ਦੌਰਾਨ 9 ਜੂਨ ਨੂੰ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ ਨਸ਼ਾ ਛੁਡਾਊ ਕੇਂਦਰ ਆਇਆ। ਜਿਸ ਨੇ ਅਮਨਦੀਪ ਸਿੰਘ ਬਾਰੇ ਪੁੱਛਿਆ।

ਇਸ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਨੌਜਵਾਨਾਂ ਨੂੰ ਯਕੀਨ ਹੋ ਗਿਆ ਕਿ ਅਮਨਦੀਪ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਤਿਹ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਸਾਹਮਣੇ ਅਮਨਦੀਪ ਸਿੰਘ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਵਿਅਕਤੀਆਂ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ।

 

ਡੰਡੇ ਨਾਲ ਗੁਪਤ ਅੰਗਾਂ 'ਤੇ ਵਾਰ ਕਰਕੇ ਥਰਡ ਡਿਗਰੀ ਟਾਰਚਰ ਦਿੱਤਾ

ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨਾਂ 'ਤੇ ਥਰਡ ਡਿਗਰੀ ਤਸ਼ੱਦਦ ਕੀਤਾ ਗਿਆ। ਇੱਥੇ ਵੀ ਗੁਪਤ ਅੰਗਾਂ 'ਤੇ ਡੰਡੇ ਮਾਰੇ ਗਏ। ਇਸ ਸੈਂਟਰ 'ਚ ਇਲਾਜ ਕਰਵਾਉਣ ਆਏ ਇਕ ਨੌਜਵਾਨ ਨੇ ਕੈਮਰੇ ਦੇ ਸਾਹਮਣੇ ਸਾਰੇ ਰਾਜ਼ ਖੋਲ੍ਹ ਦਿੱਤੇ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਨਸ਼ਾ ਛੁਡਾਉਣ ਵਾਲੇ ਖੁਦ ਵੀ ਨਸ਼ੇ ਵਿਚ ਆ ਕੇ ਅੱਤਿਆਚਾਰ ਕਰਦੇ ਸਨ।

 

ਐਸਐਚਓ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ

ਪਾਇਲ ਥਾਣੇ ਦੇ ਐਸਐਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਪੰਜ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।