Mother`s Day 2023: ਮਾਂ ਦਿਵਸ ਦਾ ਇਤਿਹਾਸ ਤੇ ਮਹੱਤਵ, ਜਾਣੋ ਕਿਉਂ ਮਨਾਇਆ ਜਾਂਦਾ ਇਹ ਖਾਸ ਦਿਨ
Mother`s Day 2023: ਇਨਸਾਨ ਦੁਨੀਆ ’ਚ ਆਉਂਦਿਆਂ ਹੀ ਰਿਸ਼ਤਿਆਂ ਅਤੇ ਇਨ੍ਹਾਂ ਨਾਲ ਜੁੜੇ ਮੋਹ ਦੀਆਂ ਤੰਦਾਂ ’ਚ ਬੱਝ ਜਾਂਦਾ ਹੈ ਅਤੇ ਸਭ ਤੋਂ ਪਿਆਰ ਭਰੀ ਤੰਦ ਮਾਂ ਦੇ ਰਿਸ਼ਤੇ ਦੀ ਹੁੰਦੀ ਹੈ। ਮਾਂ ਨਾਲ ਬੱਚੇ ਦਾ ਰਿਸ਼ਤਾ ਦੁਨੀਆ ਵਿਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ।
Mother's Day 2023: ਦੁਨੀਆ ਵਿੱਚ ਮਾਂ ਨੂੰ ਹਮੇਸ਼ਾ ਹੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਪਿਆਰ ਅਤੇ ਸਬਕ ਦਿੰਦੀ ਹੈ। ‘ਮਾਂ’ ਇਕ ਅਜਿਹਾ ਸ਼ਬਦ ਹੈ, ਜਿਸ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ। ‘ਮਾਂ’ ਸ਼ਬਦ ਕਹਿਣ ਅਤੇ ਸੁਣਨ ਨੂੰ ਤਾਂ ਬਹੁਤ ਛੋਟਾ ਹੈ ਪਰ ਉਸ ਦੇ ਅਰਥ, ਭਾਵ ਬਹੁਤ ਗਹਿਰੇ ਹਨ, ਕਿਉਂਕਿ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ। ਮਾਂ ਸਾਡੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ। ‘ਮਾਂ’ ਸਾਡੀ ਹਰ ਖੁਸ਼ੀ, ਹਰ ਮੁਸ਼ਕਲ ਵਿੱਚ ਸਾਡਾ ਸਾਥ ਦਿੰਦੀ ਹੈ। ਸਾਡੀ ਕਾਮਯਾਬੀ ਵਿੱਚ ਵੀ ਮਾਂ ਦਾ ਬਹੁਤ ਯੋਗਦਾਨ ਹੁੰਦਾ ਹੈ।
ਜਦੋਂ ਬੱਚਾ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੂੰਹ ’ਚੋਂ ਨਿਕਲਣ ਵਾਲਾ ਪਹਿਲਾ ਸ਼ਬਦ ਵੀ ਜ਼ਿਆਦਾਤਰ ‘ਮਾਂ’ ਹੀ ਹੁੰਦਾ ਹੈ। ਮਾਂ ਦੀਆਂ ਲੋਰੀਆਂ ’ਚ ਸਵਰਗ ਵਰਗਾ ਆਨੰਦ ਹੈ, ਜਿਸ ਦੇ ਪਵਿੱਤਰ ਚਰਨਾਂ ਵਿੱਚੋਂ ਜੰਨਤ ਦਾ ਦੁਆਰ ਖੁੱਲ੍ਹਦਾ ਹੈ। ਬੱਚੇ ਲਈ ਮਾਂ ਦੀ ਜ਼ੁਬਾਨ ’ਤੇ ਅਸੀਸਾਂ, ਅੱਖਾਂ ਵਿਚ ਸੁਪਨੇ, ਦਿਲ ’ਚ ਮਮਤਾ ਅਤੇ ਰਹਿਮ, ਸੋਚਾਂ ’ਚ ਫ਼ਿਕਰ ਅਤੇ ਖ਼ੂਨ ਵਿਚ ਅਜੀਬ ਜਿਹੀ ਤੜਪ ਹਮੇਸ਼ਾ ਬਣੀ ਰਹਿੰਦੀ ਹੈ। ਉਹ ਔਲਾਦ ਦੇ ਖ਼ੁਸ਼ ਹੋਣ ’ਤੇ ਹੱਸਦੀ ਹੈ ਤੇ ਦੁੱਖ ਆਉਣ ’ਤੇ ਅੱਖਾਂ ਭਰ ਲੈਂਦੀ ਹੈ।
ਇਸ ਸਾਲ ਮਾਂ ਦਿਵਸ 14 ਮਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਹ ਇੱਕ ਪ੍ਰਾਚੀਨ ਯੂਨਾਨੀ ਤੇ ਰੋਮਨ ਤਿਉਹਾਰ ਹੈ ਜੋ ਮਾਂ ਦਾ ਜਸ਼ਨ ਮਨਾਉਂਦਾ ਹੈ, ਜਿਸ ਵਿੱਚ ਮਾਂ ਦੇਵੀ ਰੀਆ ਦੀ ਪੂਜਾ ਕੀਤੀ ਜਾਂਦੀ ਸੀ। ਜਿਸ ਮਗਰੋਂ ਈਸਾਈ ਧਰਮ ਨੇ ਵੀ ਮਾਂ ਮੈਰੀ ਦੇ ਸਨਮਾਨ ਲਈ ਇਸ ਨੂੰ ਅਪਣਾਇਆ। ਇਸ ਤਿਉਹਾਰ ਦਾ ਨਾਂ "ਮਦਰਿੰਗ ਸੰਡੇ" ਰੱਖਿਆ ਗਿਆ ਸੀ।
ਅਮਰੀਕਾ ਵਿੱਚ ਮਾਂ ਦਿਵਸ ਦੀ ਸ਼ੁਰੂਆਤ ਅੰਨਾ ਜਾਰਵਿਸ ਵੱਲੋਂ ਕੀਤੀ ਗਈ ਸੀ, ਜੋ ਆਪਣੀ ਮਾਂ, ਐਨ ਰੀਵਸ ਜਾਰਵਿਸ ਦਾ ਸਨਮਾਨ ਕਰਨਾ ਚਾਹੁੰਦੀ ਸੀ। ਐਨ ਇੱਕ ਸ਼ਾਂਤੀ ਕਾਰਕੁੰਨ ਸੀ ਜਿਸਨੇ ਅਮਰੀਕੀ ਘਰੇਲੂ ਯੁੱਧ ਦੇ ਦੋਵਾਂ ਪਾਸਿਆਂ ਦੇ ਜ਼ਖਮੀ ਫ਼ੌਜੀਆਂ ਦੀ ਦੇਖਭਾਲ ਕੀਤੀ ਸੀ। ਅੰਨਾ ਨੇ ਪੱਛਮੀ ਵਰਜੀਨੀਆ 'ਚ ਆਪਣੀ ਮਾਂ ਲਈ ਇੱਕ ਯਾਦਗਾਰ ਬਣਵਾਈ ਤੇ ਮਾਂ ਦਿਵਸ ਨੂੰ ਇੱਕ ਮਾਨਤਾ ਪ੍ਰਾਪਤ ਛੁੱਟੀ ਹੋਣ ਲਈ ਮੁਹਿੰਮ ਚਲਾਈ।
ਇਸ ਮਗਰੋਂ 1914 ਵਿੱਚ, ਮਦਰਜ਼ ਡੇਅ ਨੂੰ ਅਮਰੀਕਾ ਵਿੱਚ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦਿੱਤੀ ਗਈ। ਹਰ ਸਾਲ ਨਾਲ ਇਹ ਤਿਉਹਾਰ ਦੂਜੇ ਦੇਸ਼ਾਂ ਵਿੱਚ ਵੀ ਫੈਲ ਗਿਆ ਅਤੇ ਅੱਜ ਇਹ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇੱਕ ਖ਼ਾਸ ਦਿਨ ਹੈ ਜੋ ਸਾਡੇ ਦਿਲਾਂ ਵਿੱਚ ਖਾਸ ਸਥਾਨ ਰੱਖਦੀਆਂ ਹਨ। ਭਾਰਤ ਵਿੱਚ, ਇਹ ਦਿਨ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ