Jalandhar Bypoll Result 2023: ਸ਼ਨਿੱਚਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਜਲੰਧਰ ਲੋਕ ਸਭਾ ਚੋਣ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਕੇ ਖੇਤਰੀ ਤੇ ਰਵਾਇਤੀ ਪਾਰਟੀਆਂ ਦੇ ਸੁਪਨੇ ਤੋੜ ਦਿੱਤੇ।


COMMERCIAL BREAK
SCROLL TO CONTINUE READING

ਪੰਜਾਬ, ਪੰਜਾਬੀਅਤ ਤੇ ਸਿੱਖਾਂ ਦੇ ਅਧਿਕਾਰਾਂ ਦੀ ਰੱਖਿਆ ਦਾ ਹਵਾਲਾ ਦੇ ਕੇ ਹੋਂਦ ਵਿੱਚ ਆਈਆਂ ਖੇਤਰੀ ਤੇ ਰਵਾਇਤੀ ਪਾਰਟੀਆਂ ਵਿੱਚ ਲੋਕਾਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ। ਪੰਜਾਬੀ ਦੀਆਂ ਖੇਤਰੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਕਿ ਇਨ੍ਹਾਂ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਹੀ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਸਵੈ-ਸਮੀਖਿਆ ਕਰਨ ਦੀ ਜ਼ਰੂਰਤ ਹੈ।


ਜੇਕਰ ਚੋਣ ਨਤੀਜਿਆਂ ਉਤੇ ਝਾਤੀ ਮਾਰੀਏ ਤਾਂ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਦੇ ਨਵੇਂ ਐਮਪੀ ਬਣ ਗਏ ਹਨ। ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਦੂਜੇ ਸਥਾਨ ਉਪਰ ਆਏ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸੁਖਵਿੰਦਰ ਸਿੰਘ ਸਿੱਖੂ ਤੀਜੇ ਸਥਾਨ ਉਤੇ ਰਹੇ ਪਰ ਇਹ ਪ੍ਰਦਰਸ਼ਨ ਨਾਕਾਫੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਛੇਵੇਂ ਸਥਾਨ ਪਰ ਰਹੇ ਜੋ ਕਿ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਹੈ। 


ਗੁਰਦੁਆਰਾ ਸੁਧਾਰ ਲਹਿਰ ਵਿਚੋਂ ਜਨਮੀ ਇਸ ਪਾਰਟੀ ਦਾ ਇਤਿਹਾਸ ਮੋਰਚਿਆਂ ਤੇ ਸੰਘਰਸ਼ਾਂ ਭਰਿਆ ਹੈ। ਪਿਛਲੀ ਕਰੀਬ ਇੱਕ ਸਦੀ ਤੋਂ ਭਾਰਤ ਵਿੱਚ ਸਿਆਸੀ ਤੇ ਪੰਥਕ ਘੋਲਾਂ ਵਿੱਚ ਸੰਘਰਸ਼ ਲੜਦਾ ਰਿਹਾ ਅਕਾਲੀ ਦਲ ਹੁਣ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਹੈ।


ਪੰਥਕ ਹਿੱਤਾਂ ਦੀ ਪਹਿਰੇਦਾਰੀ ਲਈ ਹੋਂਦ ਵਿੱਚ ਆਏ ਅਕਾਲੀ ਦਲ (ਬਾਦਲ) ਨੇ ਕਈ ਵਾਰ ਪੰਜਾਬ ਤੇ ਭਾਰਤ ਦੀ ਕੇਂਦਰੀ ਸੱਤਾ ਦਾ ਆਨੰਦ ਮਾਣਿਆ ਹੈ ਪਰ ਇੰਨਾ ਜ਼ਰੂਰ ਹੈ ਕਿ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਕਈ ਵੱਡੇ ਟਕਸਾਲੀ ਅਕਾਲੀ ਇਸ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਲਗਭਗ 20 ਪੰਜਾਬ ਉਪਰ ਰਾਜ ਕੀਤਾ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਉਤੇ ਚਲਾ ਗਿਆ ਹੈ।


ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1 ਮਈ 1994 ਨੂੰ ਹੋਂਦ ਵਿੱਚ ਆਈ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਦੇ ਚੋਣ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਵਜੋਂ ਰਜਿਸਟਰ ਹੈ। ਸਿਮਰਨਜੀਤ  ਸਿੰਘ ਮਾਨ ਨੂੰ ਅਕਾਲੀ ਦਲ ਅੰਮ੍ਰਿਤਸਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ।


ਇਹ ਪਾਰਟੀ ਸਿੱਖਾਂ ਦੇ ਅਧਿਕਾਰਾਂ ਦੀ ਰੱਖਿਆ ਦਾ ਹਵਾਲਾ ਦੇ ਕੇ ਹੋਂਦ ਵਿੱਚ ਆਈ ਸੀ। ਇਸ ਪਾਰਟੀ ਦੇ ਆਗੂਆਂ ਨੇ ਵੀ ਸੱਤਾ ਦਾ ਅਨੰਦ ਮਾਣਿਆ। ਇਸ ਨੂੰ ਵੱਡੀ ਸਫਲਤਾ 1989 ਦੀ ਸੰਸਦੀ ਚੋਣ ਵਿੱਚ ਮਿਲੀ ਸੀ, ਜਦ ਇਹ ਪੰਜਾਬ ਚ 13 ਸੰਸਦੀ ਸੀਟਾਂ ਵਿਚੋਂ 7 ਜਿੱਤ ਗਈ ਸੀ। ਇਸ ਮਗਰੋਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ 1999 ਵਿੱਚ ਐਮਪੀ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।


 



ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਮਗਰੋਂ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਉਪਰ 2022 ਵਿੱਚ ਹੋਈ ਚੋਣ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਮਾਨ ਨੇ ਸਖ਼ਤ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਗੁਰਮੇਲ ਸਿੰਘ ਨੂੰ ਹਰਾਇਆ ਸੀ।


ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਿਮਰਨਜੀਤ ਸਿੰਘ ਮਾਨ ਨੇ ਗੁਰਜੰਟ ਸਿੰਘ ਕੱਟੂ ਨੂੰ ਜਲੰਧਰ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਸੀ ਪਰ ਇਥੇ ਪਾਰਟੀ ਕੋਈ ਜਾਦੂ ਨਹੀਂ ਵਿਖਾ ਸਕੀ।