Sant Balbir Singh Seechewal: ਮਸਕਟ `ਚ ਫਸੀਆਂ ਦੋ ਔਰਤਾਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਪੁੱਜੀਆਂ
Sant Balbir Singh Seechewal: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨੂੰ ਉਸ ਸਮੇਂ ਬੂੂਰ ਪੈ ਗਿਆ ਜਦੋਂ ਮਸਕਟ ਵਿੱਚ ਫਸੀਆਂ ਦੋ ਔਰਤਾਂ ਪੰਜਾਬ ਪੁੱਜ ਗਈਆਂ।
Sant Balbir Singh Seechewal: ਟਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ ਵਿੱਚ ਸ਼ੋਸ਼ਣ ਲਗਾਤਾਰ ਜਾਰੀ ਹੈ। ਇਨ੍ਹਾਂ ਟਰੈਵਲ ਏਜੰਟਾਂ ਹੱਥੋਂ ਸਤਾਈਆਂ ਔਰਤਾਂ ਨੂੰ ਬਚਾਉਣ ਵਿੱਚ ਲੱਗੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅੱਜ ਦੋ ਹਰ ਪੰਜਾਬ ਦੀਆਂ ਧੀਆਂ ਆਪਣੇ ਪਰਿਵਾਰਾਂ ਵਿੱਚ ਪਰਤ ਸਕੀਆਂ।
ਅੱਜ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਇਨ੍ਹਾਂ ਦੋਵੇਂ ਔਰਤਾਂ ਨੂੰ ਲੈਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਹੁੰਚੇ ਹੋਏ ਸਨ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦਿੱਲੀ ਵਿਚਲੀ ਰਿਹਾਇਸ਼ ਉਤੇ ਇਨ੍ਹਾਂ ਦੋਵੇਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਟਰੈਵਲ ਏਜੰਟਾਂ ਵਿਰੁੱਧ ਢੁੱਕਵੀ ਕਾਰਵਾਈ ਕਰਨ ਦਾ ਭਰੋਸਾ ਦਿੰਦਿਆ ਕਿਹਾ ਕਿ ਉਹ ਯਤਨ ਕਰਨਗੇ ਕਿ ਵਿਦੇਸ਼ ਜਾਣ ਲਈ ਲੱਗੇ ਉਨ੍ਹਾਂ ਦੇ ਪੈਸੇ ਵਾਪਸ ਹੋ ਸਕਣ।
ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਰਹਿਣ ਵਾਲੀ ਸੁਨੀਤਾ (ਬਦਲਿਆ ਹੋਇਆ ਨਾਂ) ਤਿੰਨ ਮਹੀਨੇ ਪਹਿਲਾਂ ਹੀ ਮਸਕਟ ਗਈ ਸੀ। ਸੁਨੀਤਾ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਹੀ ਉਸ ਨੂੰ ਫਸਾਇਆ ਸੀ। ਮਸਕਟ ਗਈ ਉਸ ਦੀ ਮਾਸੀ ਨੇ ਫੋਨ ਕਰਕੇ ਕਿਹਾ ਸੀ ਕਿ ਉਹ ਬਿਮਾਰ ਹੋ ਗਈ ਹੈ ਤੇ ਇਲਾਜ ਲਈ ਇੰਡੀਆ ਆਉਣਾ ਚਾਹੁੰਦੀ ਹੈ ਤੇ ਉਹ ਉਸ ਦੀ ਥਾਂ ਉਤੇ ਘਰੇਲੂ ਕੰਮ ਕਰ ਲਵੇ ਤਾਂ ਉਸ ਨੂੰ ਤਨਖਾਹ ਵੀ ਮੋਟੀ ਮਿਲੇਗੀ।
ਸੁਨੀਤਾ ਨੇ ਦੱਸਿਆ ਕਿ ਉਹ 9 ਮਈ ਨੂੰ ਦਿੱਲੀ ਤੋਂ ਮਸਕਟ ਗਈ ਸੀ। ਉਥੇ ਜਾ ਕੇ ਉਸ ਨੂੰ ਉਸ ਦੀ ਮਾਸੀ ਕੋਲ ਪਹੁੰਚਾਉਣ ਦੀ ਥਾਂ ਇੱਕ ਹੋਰ ਸ਼ਰੀਫਾਂ ਨਾਂਅ ਦੀ ਔਰਤ ਕੋਲ ਭੇਜ ਦਿੱਤਾ। ਜਿੱਥੇ ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ। ਸੁਨੀਤਾ ਨੇ ਦੱਸਿਆ ਕਿ ਉਸ ਕੋਲ ਸਿਰਫ ਇੱਕ ਮਹੀਨੇ ਦਾ ਸੈਲਾਨੀ ਵੀਜ਼ਾ ਹੀ ਸੀ। ਫਹਿਤਗੜ੍ਹ ਸਾਹਿਬ ਦੀ ਰਹਿਣ ਵਾਲੀ ਇੱਕ ਹੋਰ ਔਰਤ ਵੀ ਸੁਨੀਤਾ ਦੇ ਨਾਲ ਹੀ ਪਰਤੀ ਹੈ।
ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ (ਜਸਲੀਨ ਕੌਰ ਬਦਲਿਆ ਹੋਇਆ ਨਾਂ) 14 ਮਈ ਨੂੰ ਮਸਕਟ ਗਈ ਸੀ। ਉਸ ਨੂੰ ਰਿਸ਼ਤੇਦਾਰੀ ਵਿੱਚੋਂ ਹੀ ਇੱਕ ਲੜਕੀ ਨੇ ਦੱਸਿਆ ਕਿ ਉਹ ਮਸਕਟ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ ਤੇ 35 ਹਜ਼ਾਰ ਰੁਪਏ ਕਮਾਉਂਦੀ ਹੈ। ਮਸਕਟ ਪਹੁੰਚਦਿਆ ਹੀ ਉਥੇ ਘੁੰਮਦੇ ਟਰੈਵਲ ਏਜੰਟ ਲੜਕੀਆਂ ਨੂੰ ਆਪਣੇ ਝਾਂਸੇ ਵਿੱਚ ਲੈ ਲੈਂਦੇ ਹਨ। ਲੜਕੀਆਂ ਘੱਟ ਪੜ੍ਹੀਆ ਹੋਣ ਕਾਰਨ ਅਤੇ ਉਥੇ ਦੀ ਭਾਸ਼ਾ ਨਾ ਜਾਣਨ ਕਾਰਨ ਬੇਵੱਸ ਨਜ਼ਰ ਆਉਂਦੀਆਂ ਹਨ।
ਟਰੈਵਲ ਏਜੰਟ ਜਸਲੀਨ ਕੌਰ ਨੂੰ ਟ੍ਰੇਨਿੰਗ ਦੇਣ ਦੇ ਬਾਹਨੇ ਨਾਲ ਕਿਧਰੇ ਹੋਰ ਦਫਤਰ ਵਿੱਚ ਲੈ ਗਏ ਜਿੱਥੇ ਉਸ ਨੂ ਕਮਰੇ ਵਿੱਚ ਬੰਦ ਰੱਖਿਆ ਗਿਆ ਤੇ ਇੱਕ ਸ਼ੀਆ ਨਾਂਅ ਦੀ ਔਰਤ ਕੋਲੋਂ ਕੁੱਟਮਾਰ ਕਰਵਾਈ ਜਾਂਦੀ ਸੀ। ਇਹ ਔਰਤ ਹੀ ਧਮਕੀਆਂ ਦਿੰਦੀ ਸੀ ਕਿ ਜੇ ਉਸ ਨੇ ਇੰਡੀਆ ਵਿੱਚੋਂ ਪੈਸੇ ਨਾ ਮੰਗਵਾ ਕੇ ਦਿੱਤੇ ਤਾਂ ਉਸ ਨੂੰ ਗਲਤ ਕੰਮ ਪਾ ਦਿੱਤਾ ਜਾਵੇਗਾ। ਜਸਲੀਨ ਕੌਰ ਨੇ ਦੱਸਿਆ ਕਿ ਉਸ ਕੋਲੋਂ ਧੱਕੇ ਨਾਲ ਇੱਕ ਵੀਡੀਓ ਵੀ ਬਣਾਈ ਗਈ ਸੀ ਜਿਸ ਵਿੱਚ ਪੈਸਿਆਂ ਦੀ ਮੰਗ ਕੀਤੀ ਗਈ ਸੀ। ਮਸਕਟ ਵਿੱਚੋਂ ਪਰਤੀਆਂ ਔਰਤਾਂ ਨੇ ਦੱਸਿਆ ਉਥੇ ਅਜੇ ਵੀ ਬਹੁਤ ਸਾਰੀਆਂ ਲੜਕੀਆਂ ਹਨ ਜਿਹੜੀਆਂ ਮਜਬੂਰੀ ਕਾਰਨ ਉਥੇ ਫਸੀਆਂ ਹੋਈਆਂ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵੇਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇੱਕ ਪਰਿਵਾਰ ਨੇ 31 ਮਈ ਨੂੰ ਤੇ ਦੂਜੇ ਨੇ 8 ਜੂਨ ਨੂੰ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਦੋਂ ਹੀ ਦੋਵਾਂ ਦੇ ਕੇਸ ਉਮਾਨ ਵਿਚਲੀ ਭਾਰਤੀ ਐਬੰਸੀ ਨੂੰ ਭੇਜ ਦਿੱਤੇ ਸਨ ਤੇ ਅੱਜ ਉਹ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਸੁੱਖੀ ਸਾਂਦੀ ਆ ਗਈਆਂ ਹਨ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਲਈ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਰਾਹੀ ਹੀ ਜਾਣ। ਉਨ੍ਹਾਂ ਵਿਦੇਸ਼ ਮੰਤਰੀ ਜੈਸ਼ੰਕਰ ਜੀ ਦਾ ਵੀ ਧੰਨਵਾਦ ਕੀਤਾ ਜਿਹੜੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਕੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਸਹਿਯੋਗ ਦੇ ਰਹੇ ਹਨ।
ਇਹ ਵੀ ਪੜ੍ਹੋ : Kargil Vijay Divas 2023: ਪੰਜਾਬ CM ਭਗਵੰਤ ਮਾਨ ਨੇ ਸ਼ਹੀਦ ਜਵਾਨ ਤੇ ਜ਼ਖ਼ਮੀ ਸੈਨਿਕਾਂ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ
ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ