ਸਿਹਤ ਮੰਤਰੀ ਜੌੜੇਮਾਜਰਾ ਤੋਂ ਬਾਅਦ `ਆਪ` ਦਾ ਇੱਕ ਹੋਰ MLA ਵਿਵਾਦਾਂ ’ਚ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਵਾਈਸ ਚਾਂਸਲਰ ਰਾਜ ਕੁਮਾਰ ਬਹਾਦੁਰ ਨਾਲ ਵਿਵਾਦ ਹਾਲੇ ਠੰਡਾ ਪਏ ਨੂੰ ਕੁਝ ਹੀ ਦਿਨ ਬੀਤੇ ਸਨ ਕਿ ਹੁਣ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾਂ ’ਚ ਘਿਰ ਗਏ ਹਨ।
ਚੰਡੀਗੜ੍ਹ: ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਵਾਈਸ ਚਾਂਸਲਰ ਰਾਜ ਕੁਮਾਰ ਬਹਾਦੁਰ ਨਾਲ ਵਿਵਾਦ ਹਾਲੇ ਠੰਡਾ ਪਏ ਨੂੰ ਕੁਝ ਹੀ ਦਿਨ ਬੀਤੇ ਸਨ ਕਿ ਹੁਣ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾਂ ’ਚ ਘਿਰ ਗਏ ਹਨ।
ਦੂਸਰੀ ਪਤਨੀ ਨੇ ਵਿਧਾਇਕ ’ਤੇ ਧੋਖੇ ਨਾਲ ਵਿਆਹ ਕਰਵਾਉਣ ਦੇ ਲਾਏ ਦੋਸ਼
ਦਰਅਸਲ ਉਨ੍ਹਾਂ ਦੀ ਦੂਸਰੀ ਪਤਨੀ ਨੇ ਵਿਧਾਇਕ ਪਠਾਮਮਾਜਰਾ ’ਤੇ ਧੋਖਾ ਅਤੇ ਝੂਠ ਬੋਲ ਕੇ ਵਿਆਹ ਕਰਵਾਉਣ ਦੇ ਦੋਸ਼ ਲਗਾਏ ਹਨ। ਵਿਧਾਇਕ ਦੀ ਦੂਸਰੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਜ਼ੀਰਕਪੁਰ ਥਾਣੇ ’ਚ ਪਹੁੰਚੀ। ਉਸਨੇ ਥਾਣੇ ’ਚ ਸ਼ਿਕਾਇਤ ਦਿੱਤੀ ਕਿ ਪਹਿਲਾਂ ਤਾਂ ਵਿਧਾਇਕ ਨੇ ਧੋਖੇ ਨਾਲ ਉਸ ਨਾਲ ਵਿਆਹ ਕੀਤਾ ਤੇ ਬਾਅਦ ’ਚ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਔਰਤ ਨੇ ਵਿਧਾਇਕ ’ਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਵੀ ਦੋਸ਼ ਲਗਾਏ ਹਨ।
ਜ਼ਿਕਰਯੋਗ ਹੈ ਕਿ ਵਿਧਾਇਕ ਪਠਾਨਮਾਜਰਾ ਦੀ ਅਪੱਤੀਜਨਕ ਵੀਡੀਓ ਸੋਸ਼ਲਮੀਡੀਆ ’ਤੇ ਵਾਈਰਲ ਹੋ ਰਹੀ ਹੈ, ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੂਸਰੀ ਪਤਨੀ ਨੇ ਹੀ ਵੀਡੀਓ ਬਣਾਈ ਤੇ ਬਾਅਦ ’ਚ ਸੋਸ਼ਲਮੀਡੀਆ ’ਤੇ ਵਾਇਰਲ ਕਰ ਦਿੱਤਾ।
ਵਿਧਾਇਕ ਪਠਾਨਮਾਜਰਾ ਨੇ ਦੋਸ਼ਾਂ ਨੂੰ ਨਕਾਰਿਆ
ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ’ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤ ਲੈਣ ਲਈ ਉਨ੍ਹਾਂ ਦੀ ਦੂਸਰੀ ਪਤਨੀ ਵਲੋਂ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਉਨ੍ਹਾਂ ਅਜਿਹੇ ਗੈਰ-ਕਾਨੂੰਨੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ।