Prakash Purab News: ਅੱਜ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸ਼ਰਧਾਲੂਆਂ ਨੂੰ ਪਾਸਪੋਰਟ ਤੇ ਵੀਜ਼ੇ ਦਿੱਤੇ ਗਏ। ਇਸ ਵਾਰ ਪਾਕਿਸਤਾਨ ਦੂਤਾਵਾਸ ਵੱਲੋਂ ਦਸ ਦਿਨ ਦਾ ਵੀਜ਼ਾ ਸਿੱਖ ਸ਼ਰਧਾਲੂਆ ਨੂੰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਇਹ ਸਿੱਖ ਸ਼ਰਧਾਲੂ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ 14 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ 2024 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ।


ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪਾਸ ਪੁੱਜੇ ਸ਼ਰਧਾਲੂਆਂ ਦੇ 2244 ਪਾਸਪੋਰਟ ਵੀਜ਼ੇ ਵਾਸਤੇ ਪਾਕਿਸਤਾਨ ਦੂਤਾਵਾਸ ਕੋਲ ਭੇਜੇ ਸਨ ਜਿਨ੍ਹਾਂ ਵਿੱਚੋਂ 1481 ਸਿੱਖ ਸ਼ਰਧਾਲੂਆਂ ਦੇ ਵੀਜ਼ੇ ਕੱਟ ਦਿੱਤੇ ਗਏ ਹਨ। 763 ਸ਼ਰਧਾਲੂਆਂ ਨੂੰ ਹੀ ਇਸ ਵਾਰ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਵੀਜ਼ੇ ਮਿਲੇ ਹਨ।


ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਸਿੱਖ ਸ਼ਰਧਾਲੂਆਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਸਿੱਖ ਸ਼ਰਧਾਲੂ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਵੀਜ਼ੇ ਦਿੱਤੇ ਜਾਣੇ ਚਾਹੀਦੇ ਸਨ ਜੋ ਪਾਕਿਸਤਾਨ ਦੂਤਾਵਾਸ ਵੱਲੋਂ ਉਨ੍ਹਾਂ ਦੇ ਵੀਜ਼ੇ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਿੱਥੇ ਪ੍ਰੋਗਰਾਮ ਅਨੁਸਾਰ ਇਹ ਜਥਾ 14 ਨਵੰਬਰ ਨੂੰ ਵਾਹਗਾ ਬਾਰਡਰ ਰਸਤੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਵੇਗਾ ਜਿਥੇ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗਾ।


ਸ਼ਰਧਾਲੂਆਂ ਦਾ ਇਹ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 23 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਜਥੇ ਵਿੱਚ ਹਮੇਸ਼ਾ ਕੋਟੇ ਅਨੁਸਾਰ ਵੀਜ਼ੇ ਮਿਲਦੇ ਸਨ ਪਰ ਦੁੱਖ ਦੀ ਗੱਲ ਹੈ ਕਿ ਇਸ ਵਾਰ ਇੰਨੀ ਵੱਡੀ ਗਿਣਤੀ ਸ਼ਰਧਾਲੂਆਂ ਦੇ ਵੀਜ਼ੇ ਕੱਟ ਕੇ ਭਾਵਨਾਵਾਂ ਤੋੜੀਆਂ ਗਈਆਂ ਹਨ।


ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਵੱਲ ਵਿਸ਼ੇਸ਼ ਤੌਰ ਉਤੇ ਗੌਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਇਹ ਮਾਮਲਾ ਸਰਕਾਰਾਂ ਕੋਲ ਉਠਾਇਆ ਹੈ। ਦੁੱਖ ਦੀ ਗੱਲ ਹੈ ਕਿ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ ਵੀਜ਼ਿਆਂ ਤੋਂ ਵਿਰਵੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਦੋਵਾਂ ਦੇਸਾਂ ਦੀਆਂ ਸਰਕਾਰਾਂ ਕੋਲ ਪੁਖ਼ਤਗੀ ਨਾਲ ਉਠਾਇਆ ਜਾਵੇਗਾ।