108 Ambulance Employees Protest: ਪੰਜਾਬ ’ਚ ਪਿਛਲੇ 3 ਦਿਨਾਂ ਤੋਂ ਮਰੀਜ਼ ਰੱਬ ਦੇ ਭਰੋਸੇ ’ਤੇ ਹਨ, ਕਿਉਂਕਿ 108 ਐਂਬੂਲੈਂਸ ਵਾਹਨ ਚਾਲਕ ਹੜਤਾਲ ’ਤੇ ਹਨ। ਵੀਰਵਾਰ ਨੂੰ ਚੰਡੀਗੜ੍ਹ ’ਚ ਸਥਿਤ ਪੰਜਾਬ ਭਵਨ ਵਿਖੇ 108 ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਵਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ’ਚ ਹੋਈ ਬੈਠਕ ਬੇਸਿੱਟਾ ਰਹੀ।


COMMERCIAL BREAK
SCROLL TO CONTINUE READING


ਸਿਹਤ ਮੰਤਰੀ ਨੇ CM ਭਗਵੰਤ ਮਾਨ ਨਾਲ ਉਨ੍ਹਾਂ ਦੀ ਜਲਦ ਬੈਠਕ ਕਰਵਾਉਣ ਦਾ ਭਰੋਸਾ ਦਿੱਤਾ ਪਰ ਯੂਨੀਅਨ ਦੇ ਆਗੂ ਸ਼ੁੱਕਰਵਾਰ ਨੂੰ ਹੀ ਮੁੱਖ ਮੰਤਰੀ ਨਾਲ ਮਿਲਣ ’ਤੇ ਅੜੇ ਰਹੇ। 



108 ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ ਯੂਨੀਅਨ ਨੇ ਮੀਟਿੰਗ ਵਿੱਚ ਆਪਣੀਆਂ ਮੰਗਾਂ ਮੰਨਣ ਦੀ ਗੱਲ ਰੱਖੀ, ਪਰ ਸਿਹਤ ਮੰਤਰੀ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਬੈਠਕ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਉਹ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਕਰ ਸਕੇ ਤਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। 



ਦੱਸ ਦੇਈਏ ਕਿ ਸੂਬੇ ਭਰ ’ਚ 14,500 ਦੇ ਕਰੀਬ ਮੁਲਾਜ਼ਮ ਹੜਤਾਲ ’ਤੇ ਰਹਿਣਗੇ, ਯੂਨੀਅਨ ਵਲੋਂ ਸਾਰੀਆਂ ਐਂਬੂਲੈਂਸਾਂ ਟੌਲ ਪਲਾਜ਼ਿਆਂ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। 108 ਐਂਬੂਲੈਂਸ ਚਲਾਉਣ ਵਾਲੇ ਡਰਾਈਵਰਾਂ ਦਾ ਕਹਿਣਾ ਹੈ ਕਿ ਜਦੋਂ ਐਂਬੂਲੈਂਸ ਵਾਹਨ ਸਰਕਾਰੀ ਹੈ ਤਾਂ ਉਨ੍ਹਾਂ ਨੂੰ ਵੀ ਸਿਹਤ ਵਿਭਾਗ ’ਚ ਪੱਕਾ ਕੀਤਾ ਜਾਵੇ। 108 ਇੰਪਲਾਈਜ਼ ਐਸੋਸੀਏਸ਼ਨ ਮੁਤਾਬਕ ਮੁਲਾਜ਼ਮਾਂ ਦੀ ਤਨਖ਼ਾਹ ’ਚ ਵਾਧਾ (Increment) ਸਾਲ 2013 ਤੋਂ ਰੁਕਿਆ ਹੋਇਆ ਹੈ। 



ਨਿਯੁਕਤੀ ਸਮੇਂ ਫ਼ੈਸਲਾ ਕੀਤਾ ਗਿਆ ਸੀ ਕਿ 108 ਕਰਮਚਾਰੀਆਂ ਦੀ ਬਦਲੀ ਦੂਰ ਦੁਰਾਡੇ ਨਹੀਂ ਕੀਤੀ ਜਾਵੇਗੀ ਪਰ ਮੌਜੂਦਾ ਹਲਾਤਾਂ ’ਚ 200 ਤੋਂ 300 ਕਿੱਲੋਮੀਟਰ ਤੱਕ ਸਟਾਫ਼ ਦੀ ਬਦਲੀ ਕੀਤਾ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਜਿੰਦਗੀ ਆਰਥਿਤ ਅਤੇ ਪਰਿਵਾਰਕ ਤੌਰ ’ਤੇ ਪ੍ਰਭਾਵਿਤ ਹੋ ਰਹੀ ਹੈ। 



ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਐਂਬੂਲੈਂਸ ਦੇ ਡਰਾਈਵਰ ਤੋਂ 12 ਦੀ ਬਜਾਏ 8 ਘੰਟੇ ਦੀ ਡਿਊਟੀ ਲਈ ਜਾਵੇ। ਉਨ੍ਹਾਂ ਮੰਗ ਕੀਤੀ ਕਿ 108 ਸਟਾਫ ਨੂੰ ਕੰਪਨੀ ਦੇ ਠੇਕੇ ਰੱਦ ਕਰਕੇ ਸਰਕਾਰ ਤੁਰੰਤ ਆਪਣੇ ਅਧੀਨ ਲਵੇ ਤਾਂ ਜੋ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਦੇਣ ਵਾਲੇ ਇਸ ਸਟਾਫ਼ ਦਾ ਭਵਿੱਖ ਸੁਰੱਖਿਅਤ ਰਹਿ ਸਕੇ।