ਹਾਈ ਵੋਲਟੇਜ਼ ਤਾਰਾਂ ਦੀ ਚਪੇਟ `ਚ ਆਉਣ ਨਾਲ 11 ਸਾਲਾਂ ਬੱਚਾ ਸੜਿਆ, ਹਾਲਤ ਗੰਭੀਰ
ਬਿਜਲੀ ਘਰ ਅੰਦਰ ਹਾਈ ਵੋਲਟੇਜ਼ ਤਾਰਾਂ ਦੀ ਚਪੇਟ ਵਿਚ ਆਉਣ ਨਾਲ 11 ਸਾਲਾਂ ਬੱਚਾ ਬੁਰੀ ਤਰ੍ਹਾਂ ਸੜ ਗਿਆ ਹੈ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ... ਇਹ ਘਟਨਾ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਬਟਾਲਾ: ਇਕ ਬੇਹੱਦ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ ਬਟਾਲਾ ਦੇ ਸ਼ਾਸਤਰੀ ਨਗਰ ਬਿਜਲੀ ਘਰ ਅੰਦਰ ਇਕ 11 ਸਾਲਾਂ ਬੱਚਾ ਪਤੰਗ ਦੀ ਡੋਰ ਫੜਦੇ ਫੜਦੇ 66 ਕੇ ਵੀ ਦੇ 66 ਹਜਾਰ ਵੋਲਟੇਜ਼ ਦੇ ਕਰੰਟ ਦੀ ਚਪੇਟ ਆਉਣ ਨਾਲ 80% ਸੜ ਗਿਆ। ਇਸ ਹਾਦਸੇ ਵਿਚ ਬੱਚੇ ਦੀ ਹਾਲਤ ਬੇਹੱਦ ਗੰਭੀਰ ਹੈ। ਇਸ ਹਾਦਸੇ ਤੋਂ ਬਾਅਦ ਬਿਜਲੀ ਕਰਮਚਾਰੀ ਨੇ ਆਪਣੀ ਗੱਡੀ ਵਿੱਚ ਪਾ ਕੇ ਸਿਵਿਲ ਹਸਪਤਾਲ ਇਲਾਜ ਲਈ ਲਿਆਂਦਾ ਜਿਥੋਂ ਡਾਕਟਰ ਨੇ ਮੁਢਲੀ ਸਹਿਤ ਸਹਾਇਤਾ ਦੇ ਕੇ ਅਮ੍ਰਿਤਸਰ ਰੈਫਰ ਕਰ ਦਿੱਤਾ।
ਇਸ ਹਾਦਸੇ ਨੂੰ ਲੈ ਕੇ ਬਿਜਲੀ ਘਰ ਅੰਦਰ ਕੰਮ ਕਰਦੇ ਬਿਜਲੀ ਕਰਮਚਾਰੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਖਤਮ ਕਰਕੇ ਬਿਜਲੀ ਘਰ ਤੋਂ ਨਜਦੀਕ ਹੀ ਆਪਣੇ ਘਰ ਗਿਆ ਹੀ ਸੀ ਕਿ ਬਿਜਲੀ ਘਰ ਅੰਦਰੋਂ ਇਕ ਜਬਰਦਸਤ ਧਮਾਕੇ ਦੀ ਆਵਾਜ ਸੁਣਾਈ ਦਿੱਤੀ ਜਦੋ ਉਹ ਵਾਪਿਸ ਬਿਜਲੀ ਘਰ ਆਇਆ ਤਾਂ ਓਥੇ ਦੂਸਰਾ ਕਰਮਚਾਰੀ ਅਤੇ ਕੁਝ ਲੋਕ ਇਕੱਠਾ ਹੋਏ ਨਜ਼ਰ ਆਏ। ਉਹਨਾਂ ਲੋਕਾਂ ਨੇ ਦੱਸਿਆ ਕਿ ਪਿੱਛੇ ਇਕ ਬੱਚਾ ਸੜ ਗਿਆ ਹੈ। ਨਜਦੀਕ ਜਾ ਕੇ ਦੇਖਿਆ ਤਾਂ ਬੱਚਾ 66 ਕੇ ਵੀ ਗਰਿੱਡ ਦੇ ਕੋਲ ਡਿੱਗਾ ਪਿਆ ਸੀ ਇਸ ਗਰਿੱਡ ਅੰਦਰ 66 ਹਜਾਰ ਵੋਲਟੇਜ਼ ਦਾ ਕਰੰਟ ਹੁੰਦਾ ਹੈ। ਬੱਚੇ ਨੂੰ ਅੱਗ ਲੱਗੀ ਹੋਈ ਸੀ ਉਸ ਉਤੇ ਰੇਤ ਪਾ ਕੇ ਅੱਗ ਬੁਝਾਈ ਗਈ।
ਇਹ ਵੀ ਪੜ੍ਹੋ:ਸ਼ੱਕੀ ਹਾਲਤ 'ਚ ਘਰ ਦੇ ਕਮਰੇ 'ਚੋਂ ਮਿਲੀ ਲੜਕੀ ਦੀ ਲਾਸ਼, ਪੇਕਾ ਪਰਿਵਾਰ ਨੇ ਜਾਨੋ ਮਾਰਨ ਦੇ ਲਗਾਏ ਦੋਸ਼
ਪਹਿਲਾ ਤਾਂ ਲੱਗਾ ਕਿ ਬੱਚਾ ਜਿਸਦਾ ਨਾਮ ਅਜੈਪਾਲ ਪੁੱਤਰ ਸ਼ਸ਼ੀ ਕੁਮਾਰ ਦੱਸਿਆ ਜਾ ਰਿਹਾ ਸੀ ਖਤਮ ਹੋ ਗਿਆ ਹੈ ਲੇਕਿਨ ਕੁਝ ਹਲਚਲ ਨਜਰ ਆਉਣ 'ਤੇ ਅੰਬੂਲੈਂਸ ਨੂੰ ਫੋਨ ਕੀਤਾ ਪਰ ਅੰਬੂਲੈਂਸ ਵਾਲਿਆ ਨੇ ਫੋਨ ਨਹੀਂ ਚੁੱਕਿਆ ਤਾਂ ਬੱਚੇ ਨੂੰ ਆਪਣੀ ਗੱਡੀ ਵਿਚ ਪਾ ਕੇ ਸਿਵਿਲ ਹਸਪਤਾਲ ਲਿਆਂਦਾ ਗਿਆ। ਓਹਨਾਂ ਕਿਹਾ ਕਿ ਇਹ ਸਮਝ ਨਹੀਂ ਆਈ ਕਿ ਬੱਚਾ 66 ਕੇ ਵੀ ਗਰਿੱਡ ਦੀਆਂ ਤਾਰਾਂ ਤਕ ਪਹੁੰਚ ਕਿਵੇਂ ਗਿਆ।
ਉੱਥੇ ਹੀ ਸਿਵਿਲ ਹਸਪਤਾਲ ਦੇ ਡਾਕਟਰ ਆਮ ਦੀਪ ਕੌਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਨਾਜ਼ੁਕ ਹੈ ਕਿਉਕਿ 70 ਫੀਸਦੀ ਤੋਂ ਉਪਰ ਤਕ ਬੱਚਾ ਸੜ ਚੁੱਕਿਆ ਹੈ। ਮੁਢਲੀ ਸਹਿਤ ਸਹਾਇਤਾ ਦੇ ਕੇ ਬੱਚੇ ਨੂੰ ਅਮ੍ਰਿਤਸਰ ਰੈਫਰ ਕਰ ਦਿਤਾ ਗਿਆ ਹੈ। ਇਸਦੇ ਨਾਲ ਹੀ ਡਾਕਟਰ ਨੇ ਦੱਸਿਆ ਕਿ ਲੋਕਾਂ ਅਨੁਸਾਰ ਬੱਚਾ ਪਤੰਗ ਦੀ ਡੋਰ ਫੜਦੇ ਸਮੇਂ ਉਸ ਹਾਦਸੇ ਦਾ ਸ਼ਿਕਾਰ ਹੋਇਆ ਹੈ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ )