Punjab Weather Update: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੜਕੇ ਪਏ ਭਾਰੀ ਮੀਂਹ ਨੇ ਜਿਥੇ ਗਰਮੀ ਤੋਂ ਭਾਰੀ ਰਾਹਤ ਦਿੱਤੀ ਉਥੇ ਹੀ ਕੁਝ ਲੋਕਾਂ ਲਈ ਆਫਤ ਬਣ ਕੇ ਵੀ ਵਰ੍ਹਿਆ। ਭਾਰੀ ਮੀਂਹ ਦਰਮਿਆਨ ਪੰਜਾਬ ਦਾ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਲੁਧਿਆਣਾ ਵਿੱਚ ਸਵੇਰ ਕਰੀਬ 10 ਵਜੇ ਤੋਂ ਸ਼ੁਰੂ ਹੋਏ ਤੇਜ਼ ਮੀਂਹ ਕਾਰਨ ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੇ ਵਾਰਡ ਨੰਬਰ 41 ਦੇ ਇਲਾਕੇ ਕੋਟ ਮੰਗਲ ਸਿੰਘ ਵਿੱਚ ਨਗਰ ਨਿਗਮ ਦਾ ਸ਼ੈੱਡ ਡਿੱਗ ਪਿਆ।


COMMERCIAL BREAK
SCROLL TO CONTINUE READING

ਇਸ ਹਾਦਸੇ ਵਿੱਚ ਮੀਂਹ ਤੋਂ ਬਚਣ ਲਈ ਸ਼ੈੱਡ ਹੇਠ ਬੈਠੇ 2 ਸਫ਼ਾਈ ਸੇਵਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਲੋਕਾਂ ਨੇ ਇਲਾਜ ਲਈ ਨੇੜਲੇ ਕਲੀਨਿਕ ਵਿੱਚ ਦਾਖ਼ਲ ਕਰਵਾਇਆ। ਮੀਂਹ ਕਾਰਨ ਸ਼ਹਿਰ ਦੇ ਅੰਦਰੂਨੀ ਅਤੇ ਪੁਰਾਣੇ ਇਲਾਕਿਆਂ ਦੇ ਹਾਲਤ ਬੇਹੱਦ ਖਸਤਾ ਹੈ। ਮੀਂਹ ਕਾਰਨ ਸੜਕਾਂ ਅਤੇ ਗਲੀਆਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ ਹਨ। ਲੁਧਿਆਣਾ ਦੇ ਜੀਆਰਪੀ ਥਾਣੇ ਦੇ ਅੰਦਰ ਵੀ ਪਾਣੀ ਭਰ ਗਿਆ।


ਲੁਧਿਆਣਾ ਦੇ ਇੱਟਾਂ ਵਾਲਾ ਚੌਕ ਵਾਲੇ ਪੈਟਰੋਲ ਪੰਪ ਦੇ ਕੋਲ ਸੜਕ ਧਸਣ ਨਾਲ ਵੱਡਾ ਟੋਆ ਪੈ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਾਬਿਲੇਗੌਰ ਹੈ ਕਿ ਇਥੋਂ ਵੱਡੀ ਗਿਣਤੀ ਵਿੱਚ ਭਾਰੀ ਵਾਹਨ ਗੁਜ਼ਰਦੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਭਾਰੀ ਵਾਹਨਾਂ ਦੇ ਨਿਕਲਣ ਦੇ ਨਾਲ ਸੜਕ ਉਤੇ ਵੱਡਾ ਟੋਇਆ ਪੈ ਗਿਆ ਹੈ। ਜਲੰਧਰ 'ਚ ਤੇਜ਼ ਹਨੇਰੀ ਕਾਰਨ ਇਕ ਦਰੱਖਤ ਖੜ੍ਹੇ ਵਾਹਨ 'ਤੇ ਡਿੱਗ ਗਿਆ। ਹਾਦਸੇ ਦੌਰਾਨ ਕਾਰ ਵਿੱਚ ਕੋਈ ਵੀ ਸਵਾਰੀ ਨਹੀਂ ਸੀ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਹਾਦਸੇ ਵਿੱਚ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ। ਦੂਜੇ ਪਾਸੇ ਸ਼ਹਿਰ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਮੌਸਮ ਵਿਭਾਗ ਨੇ ਮੀਂਹ ਦੀ ਕੀਤੀ ਪੇਸ਼ੀਨਗੋਈ


ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਮੌਸਮ ਵਿੱਚ ਬਦਲਾਅ ਦੇ ਚੱਲਦੇ ਮਾਨਸੂਨ ਸਰਗਰਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਤੋਂ ਚਾਰ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮਾਨਸੂਨ ਕਾਫੀ ਸਰਗਰਮ ਹੈ ਜਿਸ ਕਾਰਨ ਹੁਣ ਖੁੱਲ੍ਹ ਕੇ ਬਾਰਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਮੌਸਮ ਲਾਹੇਵੰਦ ਹੈ ਤੇ ਗਰਾਊਂਡ ਵਾਟਰ ਦਾ ਇਸ ਨਾਲ ਇਸਤੇਮਾਲ ਵੀ ਘੱਟ ਹੋਵੇਗਾ।


ਇਹ ਵੀ ਪੜ੍ਹੋ : Punjab Weather News: ਪੰਜਾਬ 'ਚ ਸਰਗਰਮ ਹੋਇਆ ਮਾਨਸੂਨ; ਭਾਰੀ ਮੀਂਹ ਕਾਰਨ ਤਾਪਮਾਨ 'ਚ ਆਈ ਗਿਰਾਵਟ


ਭਰਤ ਸ਼ਰਮਾ ਦੀ ਰਿਪੋਰਟ