Punjab News: ਕਾਰਗਿਲ `ਚ ਸ਼ਹੀਦ ਹੋਏ ਸੰਗਰੂਰ ਦੇ ਸਿਪਾਹੀ ਪਰਮਿੰਦਰ ਸਿੰਘ, ਸਾਲ ਪਹਿਲਾਂ ਹੋਇਆ ਸੀ ਵਿਆਹ
Punjab Soldier Parminder Singh News: ਸ਼ਹੀਦ ਪਰਮਿੰਦਰ ਸਿੰਘ ਦਾ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਉਸ ਦੇ ਪਿਤਾ ਗੁਰਜੀਤ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰ ਰਿਹਾ ਸੀ ਅਤੇ ਪਿਛਲੇ ਸਾਲ 2 ਅਕਤੂਬਰ ਨੂੰ ਉਸ ਦਾ ਵਿਆਹ ਹੋਇਆ ਸੀ।
Punjab Soldier Parminder Singh News: ਪੰਜਾਬ ਦੇ ਸੁਨਾਮ ਨੇੜੇ ਪਿੰਡ ਛਾਜਲੀ ਦਾ ਜਵਾਨ ਪਰਮਿੰਦਰ ਸਿੰਘ ਦੇਸ਼ ਦੀ ਸੇਵਾ ਕਰਦਿਆਂ ਕਾਰਗਿਲ ਵਿੱਚ ਸ਼ਹੀਦ ਹੋ ਗਿਆ ਹੈ। ਪਰਮਿੰਦਰ ਦਾ ਪਿਛਲੇ ਸਾਲ 2 ਅਕਤੂਬਰ ਨੂੰ ਵਿਆਹ ਹੋਇਆ ਸੀ। ਪਿੰਡ ਦੀ ਸਰਪੰਚ ਪਰਮਿੰਦਰ ਕੌਰ ਦੇ ਪਤੀ ਸਮਾਜ ਸੇਵਕ ਇੰਦਰਜੀਤ ਸਿੰਘ ਬਾਵਾ ਧਾਲੀਵਾਲ ਨੇ ਦੱਸਿਆ ਕਿ ਸਮਰਾਓ ਪੱਟੀ ਦਾ ਪੁੱਤਰ ਪਰਮਿੰਦਰ ਸਿੰਘ (25) ਪੰਜਾਬ ਦੀ ਸਿੱਖ ਰੈਜੀਮੈਂਟ 31 ਕਾਰਗਿਲ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਸੀ, ਜਿੱਥੇ ਉਹ ਸ਼ਹੀਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਸਿੰਘ ਦਾ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਦੇ ਪਿਤਾ ਗੁਰਜੀਤ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ। ਫੌਜੀ ਦੀ ਮੌਤ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਸ਼ਹੀਦ ਫੌਜੀ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ 10 ਵਜੇ ਕਰ ਦਿੱਤਾ ਗਿਆ। ਕਾਰਗਿਲ ਵਿੱਚ ਸ਼ਹੀਦ ਹੋਏ ਪਰਮਿੰਦਰ ਸਿੰਘ ਦਾ ਪਿੰਡ ਛਾਜਲੀ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਹਜ਼ਾਰਾਂ ਪਿੰਡ ਵਾਸੀਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਵਿਦਾਈ ਦਿੱਤੀ। ਸਰਕਾਰ ਨੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਗਰੂਰ ਨੇ ਅੰਤਿਮ ਸੰਸਕਾਰ ਮੌਕੇ ਮੀਡੀਆ ਨੂੰ ਦਿੱਤੀ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 5 ਅਕਤੂਬਰ ਤੱਕ ਰੇਤ ਦੀ ਨਿਕਾਸੀ ਦੀ ਦਿੱਤੀ ਆਗਿਆ, ਹਦਾਇਤਾਂ ਜਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੌਜੀ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਦੇ ਪਿੰਡ ਛਾਜਲੀ ਨਾਲ ਸਬੰਧਤ ਭਾਰਤੀ ਫੌਜ ਦਾ ਸਿਪਾਹੀ ਪਰਮਿੰਦਰ ਸਿੰਘ ਕਾਰਗਿਲ ਵਿੱਚ ਸਿਖਲਾਈ ਦੌਰਾਨ ਇੱਕ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ। ਮਾਨ ਨੇ ਕਿਹਾ ਕਿ ਇਹ ਦੇਸ਼ ਅਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਰਮਿੰਦਰ ਸਿੰਘ ਨੇ ਆਪਣੀ ਡਿਊਟੀ ਬਹਾਦਰੀ ਨਾਲ ਨਿਭਾ ਕੇ ਪੇਸ਼ੇਵਰ ਸਮਰਪਣ ਦਾ ਸਬੂਤ ਦਿੱਤਾ। ਸ਼ਹੀਦ ਦੀ ਕੁਰਬਾਨੀ ਨੌਜਵਾਨਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਨਾ ਦੇਵੇਗੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab Cabinet Meeting: ਪੰਜਾਬ ਦੇ CM ਭਗਵੰਤ ਮਾਨ ਨੇ ਸੱਦੀ ਮੰਤਰੀ ਮੰਡਲ ਦੀ ਐਮਰਜੈੰਸੀ ਮੀਟਿੰਗ, ਨਵੇਂ AG ਨੂੰ ਮਿਲੀ ਪ੍ਰਵਾਨਗੀ
(ਰਾਮ ਨਾਰੀਅਨ ਕਾਂਸਲ ਦੀ ਰਿਪੋਰਟ)