Lehragaga News: ਚਿੱਟ ਫੰਡ ਕੰਪਨੀ `ਚ ਫਸੇ 35 ਲੱਖ ਰੁਪਏ; ਸਦਮੇ `ਚ ਮੌਤ, ਮਾਲਕ ਦੇ ਘਰ ਲਾਸ਼ ਰੱਖ ਲਾਇਆ ਧਰਨਾ
Lehragaga News: 35 ਲੱਖ ਰੁਪਏ ਫਸੇ ਹੋਣ ਕਾਰਨ ਸਦਮੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਉਤੇ ਪਰਿਵਾਰ ਨੇ ਚਿੱਟ ਫੰਡ ਕੰਪਨੀ ਦੇ ਮਾਲਕ ਦੇ ਘਰ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ।
Lehragaga News: ਚਿੱਟ ਫੰਡ ਕੰਪਨੀ ਵਿੱਚ 35 ਲੱਖ ਰੁਪਏ ਫਸੇ ਹੋਣ ਕਾਰਨ ਸਦਮੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਲਹਿਰਾਗਗਾ ਦੇ ਰਾਜ ਸਿੰਘ ਵਜੋਂ ਹੋਈ। ਪੀੜਤ ਪਰਿਵਾਰ ਨੇ ਚਿੱਟ ਫੰਡ ਕੰਪਨੀ ਵਾਲੇ ਦੇ ਘਰ ਅੰਦਰ ਲਾਸ਼ ਰੱਖ ਕੇ ਘਰ ਦੇ ਸਾਹਮਣੇ ਧਰਨਾ ਲਗਾਇਆ।
ਇਸ ਦੌਰਾਨ ਪਰਿਵਾਰ ਦੇ ਨਾਲ ਹੋਰ ਵੀ ਕਈ ਪੀੜਤ ਆ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੈਸੇ ਗੁਰਮੀਤ ਸਿੰਘ ਕੋਲ ਫਸੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ 35 ਲੱਖ ਰੁਪਏ ਨਹੀਂ ਮਿਲਦੇ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ ਅਤੇ ਲਾਸ਼ ਘਰ ਦੇ ਅੰਦਰ ਹੀ ਪਈ ਰਹੇਗੀ ਉਨ੍ਹਾਂ ਨੇ ਦੋਸ਼ ਲਗਾਏ ਕਿ ਰਾਜ ਸਿੰਘ ਦੀ ਸਦਮੇ ਵਿੱਚ ਮੌਤ ਹੋਈ ਹੈ।
ਪਰਿਵਾਰ ਨੇ ਦੱਸਿਆ ਕਿ ਚਿੱਟ ਫੰਡ ਕੰਪਨੀ ਦਾ ਮਾਲਕ ਗੁਰਮੀਤ ਸਿੰਘ ਜੋ ਕੇ ਫਸਟ ਬਿਜਨੈਸ ਸੈਂਟਰ ਲਿਮਟਿਡ ਦੇ ਨਾਮ ਉਤੇ ਇਕ ਕੰਪਨੀ ਚਲਾਉਂਦਾ ਸੀ, ਜਿਸ ਨੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਪੈਸਾ ਦੇਣਾ ਬੰਦ ਕਰ ਦਿੱਤਾ। 35 ਲੱਖ ਰੁਪਏ ਫਸੇ ਹੋਣ ਕਾਰਨ ਇਸ ਸਦਮੇ ਵਿੱਚ ਹੀ ਰਾਜ ਸਿੰਘ ਦੀ ਮੌਤ ਹੋ ਗਈ। ਇਸ ਕਾਰਨ ਉਨ੍ਹਾਂ ਨੇ ਘਰ ਵਿੱਚ ਲਾਸ਼ ਰੱਖ ਕੇ ਧਰਨਾ ਦਿੱਤਾ ਹੈ।
ਮ੍ਰਿਤਕ ਰਾਜ ਸਿੰਘ ਦੀ ਪਤਨੀ ਜਸਪਾਲ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੇ ਗੁਰਮੀਤ ਸਿੰਘ ਕੋਲ 35 ਲੱਖ ਰੁਪਏ ਲਗਾਏ ਸਨ, ਜਿਸ ਕਾਰਨ ਉਹ ਪਰੇਸ਼ਾਨੀ ਵਿੱਚ ਰਹਿੰਦੇ ਸਨ। ਤਬੀਅਤ ਖ਼ਰਾਬ ਹੋਣ ਕਾਰਨ ਇਲਾਜ ਲਈ ਉਨ੍ਹਾਂ ਨੇ ਪੈਸੇ ਮੰਗੇ। ਉਨ੍ਹਾਂ ਨੇ ਇਲਾਜ ਲਈ ਸਿਰਫ਼ 10000 ਤੋਂ 20000 ਤੱਕ ਦਿੱਤੇ।
ਇਸ ਕਾਰਨ ਉਸ ਦੇ ਪਤੀ ਦੀ ਪਰੇਸ਼ਾਨੀ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ 35 ਲੱਖ ਰੁਪਏ ਵਾਪਸ ਕੀਤੇ ਜਾਣ ਤੇ ਇਸ ਉਤੇ ਕਾਰਵਾਈ ਕੀਤੀ ਜਾਵੇ। ਉਸ ਦੇ ਘਰ ਪੁੱਜੇ ਲੋਕਾਂ ਨੇ ਕਿਹਾ ਕਿ ਗੁਰਮੀਤ ਸਿੰਘ ਨੇ ਉਨ੍ਹਾਂ ਨੇ ਕੋਲੋਂ ਵੀ ਪੈਸੇ ਲਏ ਹਨ ਅਤੇ ਵਾਪਸ ਨਹੀਂ ਕਰ ਰਿਹਾ ਹੈ। ਇਸ ਲਈ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਜਦ ਤਕ ਪੈਸੇ ਨਹੀਂ ਮਿਲਣਗੇ ਉਦੋਂ ਤੱਕ ਉਹ ਘਰ ਤੋਂ ਵਾਪਸ ਨਹੀਂ ਜਾਣਗੇ।
ਥਾਣਾ ਮੁਖੀ ਰਣਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗੁਰਮੀਤ ਸਿੰਘ ਜੋ ਇੱਕ ਪ੍ਰਾਈਵੇਟ ਕੰਪਨੀ ਚਲਾਉਂਦਾ ਸੀ, ਜਿਸ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਨ। ਇਸ ਕਾਰਨ ਰਾਜ ਸਿੰਘ ਦੀ ਮੌਤ ਹੋਈ ਹੈ। ਉਸ ਦੀ ਲਾਸ਼ ਗੁਰਮੀਤ ਸਿੰਘ ਦੇ ਘਰ ਰੱਖੀ ਹੈ ਅਤੇ ਲੋਕਾਂ ਨੇ ਧਰਨਾ ਲਗਾਇਆ ਹੋਇਆ। ਪੁਲਿਸ ਨੇ ਦੱਸਿਆ ਕਿ ਜਦ ਪਰਿਵਾਰ ਬਿਆਨ ਕਰਵਾਏ ਤਾਂ ਉਸ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।