ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (PU) ਇਨ੍ਹਾਂ ਦਿਨਾਂ ’ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਵਿਦਿਆਰਥੀ ਆਗੂਆਂ ਵਲੋਂ ਚੋਣ ਪ੍ਰਚਾਰ ਜੋਰਾਂ-ਸ਼ੋਰਾਂ ’ਤੇ ਜਾਰੀ ਹੈ।


COMMERCIAL BREAK
SCROLL TO CONTINUE READING


ਇਸ ਦੌਰਾਨ ਚੰਡੀਗੜ੍ਹ ਪੁਲਿਸ ਨੂੰ ਮੁੰਡਿਆਂ ਦੇ ਹੋਸਟਲ ਨੰ. 5 ਨੇੜੇ ਗੋਲ਼ੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ। ਘਟਨਾ ਦੀ ਜਾਣਕਾਰੀ ਮਿਲਦਿਆਂ ਡੀ. ਐੱਸ. ਪੀ ਸੈਂਟਰਲ ਗੁਰਮੁੱਖ ਸਿੰਘ ਥਾਣਾ ਸੈਕਟਰ 11 ਦੇ ਐੱਸ. ਐੱਚ. ਓ ਜਸਬੀਰ ਸਿੰਘ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। 



ਘਟਨਾ ਵਾਲੀ ਥਾਂ ਤੋਂ ਪੁਲਿਸ ਨੇ 4 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ, ਜਿਨ੍ਹਾਂ ਕੋਲੋਂ 1 ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਨੌਜਵਾਨਾਂ ਨੇ ਖਿਡੌਣਾ ਪਿਸਤੌਲ ਨਾਲ ਪਟਾਕੇ ਚਲਾਏ ਸਨ। 



ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਯੂਨੀਵਰਸਿਟੀ ’ਚ ਗੋਲ਼ੀ ਚਲਾਈ ਗਈ ਹੈ। ਪਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਦਿਆਰਥੀਆਂ ਦੀਆਂ ਦੋ ਧਿਰਾਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਕਤ ਗਰੁੱਪ ਦੇ ਨੌਜਵਾਨਾਂ ਨੇ ਖਿਡੌਣਾ ਪਿਸਤੌਲ ਨਾਲ ਪਟਾਕੇ ਚਲਾਏ। 



ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਵੇਂ ਜਾਂਚ ’ਚ ਸਾਹਮਣੇ ਆਇਆ ਕਿ ਖਿਡੌਣਾ ਪਿਸਤੌਲ ਨਾਲ ਪਟਾਕੇ ਚਲਾਏ ਗਏ ਹਨ, ਪਰ ਫੇਰ ਵੀ ਨੌਜਵਾਨਾਂ ’ਤੇ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।