ਖੁੱਲ੍ਹੇ ਸੀਵਰੇਜ `ਚ ਡਿੱਗਿਆ 4 ਸਾਲਾ ਮਾਸੂਮ, ਹੋਈ ਮੌਤ
ਪਟਨਾ ਦੇ ਰਾਜੀਵ ਨਗਰ ਥਾਣਾ ਖੇਤਰ ਦੇ ਰੋਡ ਨੰਬਰ-23 `ਚ ਨਗਰ ਨਿਗਮ ਦੀ ਲਾਪ੍ਰਵਾਹੀ ਕਰਕੇ ਇੱਕ 4 ਸਾਲ ਦੇ ਮਾਸੂਮ ਦੀ ਮੌਤ ਹੋ ਗਈ।
Patna: ਪਟਨਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਸੋਮਵਾਰ ਸ਼ਾਮ ਨੂੰ ਰਾਜੀਵ ਨਗਰ ਥਾਣਾ ਖੇਤਰ ਦੇ ਰੋਡ ਨੰਬਰ-23 'ਚ ਨਗਰ ਨਿਗਮ ਦੀ ਲਾਪ੍ਰਵਾਹੀ ਕਰਕੇ ਇੱਕ 4 ਸਾਲ ਦੇ ਆਯੂਸ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਚਾਰ ਸਾਲਾ ਆਯੂਸ਼ ਖੁੱਲ੍ਹੇ ਨਾਲੇ 'ਚ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਨਾਲੇ 'ਚ ਡਿੱਗਣ ਤੋਂ ਅੱਧੇ ਘੰਟੇ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਉਸਨੂੰ ਗੰਭੀਰ ਹਾਲਾਤ 'ਚ ਹਸਪਤਾਲ ਲੈ ਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।
ਹਾਦਸੇ ਤੋਂ ਬਾਅਦ ਗੁਆਂਢ ਦੇ ਲੋਕ ਭੜਕ ਗਏ ਤੇ ਮਾਸੂਮ ਦੀ ਲਾਸ਼ ਲੈ ਕੇ ਦੀਘਾ ਦੇ ਆਈ.ਟੀ.ਆਈ ਮੋੜ 'ਤੇ ਪਹੁੰਚ ਕੇ ਪ੍ਰਦਰਸ਼ਨ ਕੀਤਾ। ਬੱਚੇ ਦੀ ਲਾਸ਼ ਲੈ ਕੇ ਉਸ ਦੇ ਮਾਪੇ ਸੜਕ ਦੇ ਵਿਚਕਾਰ ਬੈਠ ਕੇ ਰੋਣ ਲੱਗੇ ਤੇ ਨਾਲ ਹੀ ਲੋਕਾਂ ਨੇ ਦੀਘਾ ਅਤੇ ਗਾਂਧੀ ਮੈਦਾਨ ਰੋਡ 'ਤੇ ਸੜਕ ਜਾਮ ਕਰ ਦਿੱਤੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਯੂਸ਼ ਦੇ ਪਿਤਾ ਜਿਨ੍ਹਾਂ ਦਾ ਨਾਮ ਵਿੱਕੀ ਕੁਮਾਰ ਹੈ ਇੱਕ ਆਟੋ ਚਾਲਕ ਹਨ ਅਤੇ ਉਸਦੀ ਮਾਂ ਮੁੰਨੀ ਦੇਵੀ ਸਬਜ਼ੀਆਂ ਵੇਚਦੀ ਹੈ। ਆਯੂਸ਼ ਦਾ ਇੱਕ ਭਰਾ ਤੇ ਇੱਕ ਭੈਣ ਸੀ। ਵਿੱਕੀ ਕੁਮਾਰ ਦਾ ਪੰਜ ਸਾਲ ਦਾ ਬੇਟਾ ਰੁਦਰ ਅਤੇ ਚਾਰ ਮਹੀਨੇ ਦੀ ਇੱਕ ਧੀ ਹੈ।
ਜਾਣਕਾਰੀ ਮੁਤਾਬਕ ਵਿੱਕੀ ਸੋਮਵਾਰ ਨੂੰ ਆਟੋ ਲੈ ਕੇ ਨਿਕਲਿਆ ਸੀ ਤੇ ਆਯੂਸ਼ ਘਰ ਤੋਂ ਪੈਸੇ ਲੈ ਕੇ ਚਿਪਸ ਲੈਣ ਗਿਆ ਸੀ। ਉਸ ਦੇ ਨਾਲ ਉਸ ਦਾ ਭਰਾ ਰੁਦਰ ਅਤੇ ਗੁਆਂਢ ਦੀ ਚਾਰ ਸਾਲ ਦੀ ਬੱਚੀ ਵੀ ਸੀ। ਰਸਤੇ 'ਚ ਸੜਕ ਖ਼ਰਾਬ ਸੀ ਜਿਸ ਕਰਕੇ ਜ਼ਿਆਦਾਤਰ ਲੋਕ ਡਰੇਨ ’ਤੇ ਬਣੇ ਸਲੈਬਾਂ ਵਿੱਚੋਂ ਲੰਘਦੇ ਸਨ ਤੇ ਇਹ ਤਿੰਨੇ ਵੀ ਨਾਲੇ ’ਤੇ ਬਣੇ ਸਲੈਬ ਵਿਚੋਂ ਲੰਘ ਰਹੇ ਸਨ। ਆਯੂਸ਼ ਅੱਗੇ ਭੱਜ ਰਿਹਾ ਸੀ ਪਰ ਸਲੈਬਾਂ ਵਿਚਕਾਰ ਇੱਕ ਖਾਲੀ ਥਾਂ ਸੀ ਜਿਸ ਵਿੱਚ ਆਯੂਸ਼ ਡਿੱਗ ਗਿਆ।
ਆਯੂਸ਼ ਦੇ ਨਾਲੇ 'ਚ ਡਿੱਗਣ ਤੋਂ ਬਾਅਦ ਰੁਦਰ ਘਰ ਭੱਜਿਆ 'ਤੇ ਆਪਣੀ ਦਾਦੀ ਨੂੰ ਘਟਨਾ ਬਾਰੇ ਦੱਸਿਆ। ਉਸ ਦੀ ਦਾਦੀ ਮੁੰਨੀ ਦੇਵੀ ਪਰਿਵਾਰ ਨੂੰ ਲੈ ਮੌਕੇ 'ਤੇ ਪੁੱਜੀ। ਉਸ ਦੀ ਦਾਦੀ ਨਾਲੇ ਵਿੱਚ ਵੜੀ ਜਿਸ ਵਿੱਚ ਕਰੀਬ ਤਿੰਨ ਫੁੱਟ ਪਾਣੀ ਖੜ੍ਹਾ ਸੀ। ਦੱਸਿਆ ਜਾ ਰਿਹਾ ਹੈ ਕਿ ਆਯੂਸ਼ ਕਰੀਬ 6 ਤੋਂ 7 ਮੀਟਰ ਅੱਗੇ ਡਰੇਨ ਵਿੱਚ ਜਾ ਕੇ ਮਿਲਿਆ। ਮੌਕੇ 'ਤੇ ਮੌਜੂਦ ਰਿਸ਼ਤੇਦਾਰ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਮਿਲਦੇ ਹੀ ਰਾਜੀਵ ਨਗਰ ਥਾਣੇ ਦੀ ਪੁਲਿਸ ਆਯੂਸ਼ ਦੇ ਘਰ ਪਹੁੰਚੀ। ਹਾਲਾਂਕਿ ਸਥਾਨਕ ਲੋਕਾਂ ਨੇ ਪੁਲਿਸ ਦੀ ਗੱਲ ਨਹੀਂ ਸੁਣੀ ਤੇ ਨਗਰ ਨਿਗਮ ’ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਬੱਚੇ ਦੀ ਲਾਸ਼ ਲੈ ਕੇ ਦੀਘਾ ਦੇ ਆਈਟੀਆਈ ਮੋੜ ’ਤੇ ਪੁੱਜੇ ਤੇ ਧਰਨਾ ਦਿੱਤਾ। ਬਾਅਦ 'ਚ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪਰਿਵਾਰ ਵਾਲਿਆਂ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ।