Fazilka News: ਫਾਜ਼ਿਲਕਾ `ਚ ਕਾਗਜ਼ਾਂ ਵਿੱਚ 40 ਲੱਖ ਦਾ ਪਾਰਕ; ਜ਼ਮੀਨੀ ਹਕੀਕਤ ਨੇ ਉਡਾਏ ਹੋਸ਼
Fazilka News: ਫਾਜ਼ਿਲਕਾ ਦੇ ਧੋਬੀ ਘਾਟ `ਚ ਕੱਟੀ ਗਈ ਨਗਰ ਕੌਂਸਲ ਕਾਲੋਨੀ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਧੋਬੀ ਘਾਟ 'ਚ ਕੱਟੀ ਗਈ ਨਗਰ ਕੌਂਸਲ ਕਾਲੋਨੀ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇੰਨਾ ਹੀ ਨਹੀਂ ਲੋਕ ਬੋਲੀ ਜ਼ਰੀਏ ਪਲਾਟ ਖ਼ਰੀਦ ਡਿਵਲਪਮੈਂਟ ਚਾਰਜਿਸ ਤੱਕ ਅਦਾ ਕਰ ਚੁੱਕੇ ਹਨ ਪਰ ਉਨ੍ਹਾਂ ਦਾ ਪਲਾਟ ਕਿਥੇ ਹੈ ਇਸ ਦਾ ਕੋਈ ਅਤਾ-ਪਤਾ ਨਹੀਂ ਹੈ।
ਇਸ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਅਤੇ ਨਾ ਹੀ ਕੋਈ ਮੁੱਢਲੀਆਂ ਸਹੂਲਤਾਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਲੋਨੀ 'ਚ ਪਾਰਕ ਬਣਾਉਣ 'ਤੇ 40 ਲੱਖ ਰੁਪਏ ਖਰਚ ਕੀਤੇ ਗਏ ਹਨ ਪਰ ਪਾਰਕ ਦੀ ਹਾਲਤ ਦੇਖ ਕੇ ਹਲਕਾ ਵਿਧਾਇਕ ਦੇ ਹੋਸ਼ ਉੱਡ ਗਏ ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ।
ਜਾਣਕਾਰੀ ਦਿੰਦੇ ਹੋਏ ਪਲਾਟ ਹੋਲਡਰ ਸੁਰੇਸ਼ ਕੁਮਾਰ ਅਤੇ ਸਤਪਾਲ ਭੁਸਰੀ ਨੇ ਦੱਸਿਆ ਕਿ ਸਾਲ 2002 'ਚ ਨਗਰ ਕੌਾਸਲ ਵੱਲੋਂ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ 'ਤੇ ਪਲਾਟ ਕੱਟੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਬੋਲੀ ਜ਼ਰੀਏ ਪਲਾਟ ਖਰੀਦੇ ਸਨ ਜਿਸ ਤੋਂ ਬਾਅਦ ਡਿਵਲਪਮੈਂਟ ਚਾਰਜ ਵੀ ਦਿੱਤੇ ਗਏ ਸਨ ਪਰ ਅੱਜ ਤੱਕ ਉਨ੍ਹਾਂ ਨੂੰ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਹੈ।
ਉਨ੍ਹਾਂ ਨੇ ਦੋਸ਼ ਲਗਾਏ ਕਿ ਗ਼ੈਰ ਕਾਨੂੰਨੀ ਕਲੋਨੀ ਵਿੱਚ ਕਮੇਟੀ ਵੱਲੋਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਦਕਿ ਕਮੇਟੀ ਵੱਲੋਂ ਖੁਦ ਕੱਟੀ ਗਈ ਕਾਲੋਨੀ ਵਿੱਚ ਨਾ ਤਾਂ ਕੋਈ ਸੜਕ ਹੈ ਅਤੇ ਨਾ ਹੀ ਕੋਈ ਸਿਸਟਮ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਦੋਸ਼ ਲਗਾਏ ਕਿ ਕਾਲੋਨੀ ਵਿੱਚ ਪਾਰਕ ਦੇ ਨਾਮ ਉਤੇ ਵੀ 40 ਲੱਖ ਰੁਪਏ ਲਗਾਏ ਗਏ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।
ਫਾਜ਼ਿਲਕਾ ਤੋਂ ਹਲਕਾ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਮੌਕੇ ਦਾ ਦੌਰਾ ਕਰਦੇ ਹੋਏ ਮੀਡੀਆ ਨੂੰ ਜਾਣਕਾਰੀ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਨਗਰ ਕੌਂਸਲ ਦੀ ਇਸ ਜਗ੍ਹਾ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਹੈ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਲੋਕ ਸੱਚ ਬੋਲ ਰਹੇ ਹਨ। ਕਾਲੋਨੀ ਵਿੱਚ ਵਿਕਾਸ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਗਜ਼ਾਂ ਵਿੱਚ ਬਹੁਤ ਕੁਝ ਦਿਖਾਇਆ ਗਿਆ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਵਿਧਾਇਕ ਨੇ ਦੋ ਟੁੱਕ ਸਾਫ ਕਰ ਦਿੱਤਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਏਡੀਸੀ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਨਾ ਸਿਰਫ਼ ਪਲਾਟ ਧਾਰਕਾਂ ਨੂੰ ਨਿਸ਼ਾਨਦੇਹੀ ਕਰਵਾ ਕੇ ਪਲਾਟ ਦਿੱਤੇ ਜਾਣਗੇ ਬਲਕਿ ਇਸ ਮਾਮਲੇ ਵਿੱਚ ਜਿਨ੍ਹਾਂ ਵੀ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਵੇਗੀ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Faridkot Clash: ਸਿੱਖ ਪ੍ਰਚਾਰਕ ਮਨਪ੍ਰੀਤ ਸਿੰਘ ਖ਼ਾਲਸਾ 'ਤੇ ਅਨੰਦ ਕਾਰਜਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼; ਟਕਰਾਅ 'ਚ ਪੱਗਾਂ ਲੱਥੀਆਂ