Faridkot News (ਨਰੇਸ਼ ਸੇਠੀ): 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ ਦੇ ਫ਼ਰੀਦਕੋਟ ਵਿੱਚ ਆਗਮਨ ਸਬੰਧੀ ਮਨਾਏ ਜਾਣ ਵਾਲੇ ਸਲਾਨਾ ਸੇਖ ਫਰੀਦ ਆਗਮਨ ਪੁਰਬ ਦੇ ਅੱਜ 55ਵੇਂ ਮੇਲੇ ਦਾ ਆਗਾਜ਼ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਟਿੱਲਾ ਬਾਬਾ ਫਰੀਦ ਜੀ ਤੋਂ ਰਸਮੀ ਤੌਰ ਉਤੇ ਕੀਤਾ ਗਿਆ।


COMMERCIAL BREAK
SCROLL TO CONTINUE READING

ਇਸ ਪੰਜ ਦਿਨ ਚੱਲਣ ਵਾਲੇ ਆਗਮਨ ਪੁਰਬ ਵਿਚ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ-ਨਾਲ ਧਾਰਮਿਕ, ਸਾਹਿਤਕ ਤੇ ਸੱਭਿਆਚਾਰਕ ਸਮਾਗਮ ਇਸ ਮੇਲੇ ਦੀ ਸ਼ਾਨ ਹੋਣਗੇ। ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਨਾਮੀਂ ਖਿਡਾਰੀ, ਸਾਹਿਤਕਾਰ, ਧਾਰਮਿਕ ਆਗੂ, ਫਿਲਮਕਾਰ ਅਤੇ ਸੰਗੀਤਕ ਕਲਾਕਾਰ ਅਤੇ ਦੇਸ਼ ਵਿਦੇਸ਼ ਵਿਚ ਵਸਦੀ ਸੰਗਤ ਸ਼ਾਮਲ ਹੋਵੇਗੀ।


ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਕਿਹਾ ਕਿ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਨਾਲ ਸੇਖ ਫ਼ਰੀਦ ਆਗਮਨ ਪੁਰਬ ਦਾ ਆਗਾਜ਼ ਹੋਇਆ ਹੈ। ਉਨ੍ਹਾਂ ਇਸ ਸ਼ੁਭ ਮੌਕੇ ਉਤੇ ਬਾਬਾ ਫਰੀਦ ਜੀ ਦੀਆਂ ਨਾਮ ਲੇਵਾ ਸੰਗਤਾਂ ਨੂੰ ਆਗਮਨ ਪੁਰਬ ਦੀ ਵਧਾਈ ਦਿੱਤੀ।


ਉਨ੍ਹਾਂ ਨੇ ਕਿਹਾ ਕਿ ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿਚ ਵੱਖ-ਵੱਖ ਧਾਰਮਿਕ, ਸਾਹਿਤਕ, ਖੇਡ ਅਤੇ ਸੱਭਿਆਚਰਕ ਪ੍ਰੋਗਰਾਮ ਵੇਖਣ ਨੂੰ ਮਿਲਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਆਪਾਂ ਸਭ ਮਿਲ ਕੇ ਇਸ ਮੇਲੇ ਦਾ ਆਨੰਦ ਮਾਣੀਏ ਅਤੇ ਬਾਬਾ ਫਰੀਦ ਜੀ ਦੀਆ ਸਿੱਖਿਆਵਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਣਾਈਏ।



ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਸੰਗਤ ਨੂੰ ਸੇਖ ਫਰੀਦ ਆਗਮਨ ਪੁਰਬ ਦੀ ਜਿੱਥੇ ਵਧਾਈ ਦਿੱਤੀ ਉਥੇ ਹੀ ਕਿਹਾ ਕਿ ਸਾਰੀ ਸੰਗਤ ਮੇਲੇ ਵਿਚ ਆ ਕੇ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਵੱਡੀ ਕ੍ਰਿਪਾ ਹੈ ਕਿ ਫ਼ਰੀਦਕੋਟ ਸ਼ਹਿਰ ਨੂੰ ਮਹਾਨ ਸੂਫੀ ਸੰਥ ਬਾਬਾ ਸੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਫ਼ਰੀਦ ਸੰਸਥਾਵਾਂ ਦੇ ਮੈਂਬਰ ਮਹੀਪ ਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ ਦਿੱਲੀ ਤੋਂ ਪਾਕ ਪਟਨ ਨੂੰ ਜਾਂਦੇ ਹੋਏ ਫ਼ਰੀਦਕੋਟ ਠਹਿਰੇ ਸਨ ਤੇ ਉਨ੍ਹਾਂ ਦੇ ਇਥੇ ਆਗਮਨ ਦੇ ਸੰਬੰਧ ਵਿੱਚ ਬਾਬਾ ਫਰੀਦ ਸੰਸਥਾਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਕੇ ਸੇਖ ਫ਼ਰੀਦ ਆਗਮਨ ਪੁਰਬ ਦਾ ਆਯੋਜਨ ਕੀਤਾ ਜਾਂਦਾ ਹੈ।


ਉਨ੍ਹਾਂ ਨੇ ਕਿਹਾ ਕਿ ਇਸ ਆਗਮਨ ਪੁਰਬ ਨੂੰ ਸ਼ੁਰੂ ਕਰਨ ਵਾਲੇ ਉਨ੍ਹਾਂ ਦੇ ਦਾਦਾ ਸਵ ਇੰਦਰਜੀਤ ਸਿੰਘ ਖਾਲਸਾ ਕੁਝ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ। ਇਸ ਲਈ ਇਹ ਪਹਿਲਾ ਆਗਮਨ ਪੁਰਬ ਹੈ ਜੋ ਉਨ੍ਹਾਂ ਤੋਂ ਬਿਨਾਂ ਮਨਾਇਆ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਨੂੰ ਲੈ ਕੇ ਸੰਗਤ ਵਿੱਚ ਪੂਰਾ ਉਤਸ਼ਾਹ ਹੈ ਤੇ ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿਚ ਆਉਣ ਵਾਲੀ ਸੰਗਤ ਦਾ ਉਹ ਬਾਬਾ ਫਰੀਦ ਸੰਸਥਾਵਾਂ ਵੱਲੋਂ ਹਾਰਦਿਕ ਸਵਾਗਤ ਕਰਦੇ ਹਨ।