ਆਜ਼ਾਦੀ ਦਿਵਸ ਮੌਕੇ ਪਰੇਡ ’ਚ ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਦੀ ਵਰਤੋਂ ਹੋਈ
ਮਾਮਲਾ ਸਾਹਮਣੇ ਆਇਆ ਹੈ ਮੁਕੇਰੀਆਂ ਤੋਂ, ਜਿੱਥੇ ਐੱਸਡੀਐੱਮ (SDM) ਤੇ ਡੀਐੱਸਪੀ (DSP) ਨੇ ਆਜ਼ਾਦੀ ਦਿਵਸ ਮੌਕੇ ਪਰੇਡ ਦੌਰਾਨ ਕਥਿਤ ਜਾਅਲੀ ਨੰਬਰ ਵਾਲੀ ਜਿਪਸੀ ਦੀ ਸਵਾਰੀ ਕੀਤੀ।
ਚੰਡੀਗੜ੍ਹ: ਜੇਕਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਤਾਂ ਆਮ ਲੋਕਾਂ ਨੂੰ ਕੀ ਉਮੀਦ ਕੀਤੀ ਜਾ ਸਕਦੀ ਹੈ? ਜੀ ਹਾਂ, ਅਸੀਂ ਸਹੀ ਕਹਿ ਰਹੇ ਹਾਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੁਕੇਰੀਆਂ ਤੋਂ, ਜਿੱਥੇ ਐੱਸਡੀਐੱਮ (SDM) ਤੇ ਡੀਐੱਸਪੀ (DSP) ਨੇ ਆਜ਼ਾਦੀ ਦਿਵਸ ਮੌਕੇ ਪਰੇਡ ਦੌਰਾਨ ਕਥਿਤ ਜਾਅਲੀ ਨੰਬਰ ਵਾਲੀ ਜਿਪਸੀ ਦੀ ਸਵਾਰੀ ਕੀਤੀ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਜਿਪਸੀ ਸਾਬਕਾ ਪੁਲਿਸ ਮੁਲਾਜਮ ਦੀ ਹੈ, ਜਿਹੜੀ ਕਿ ਕਈ ਵਾਰ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਮੌਕੇ ਪ੍ਰਸ਼ਾਸਨ ਦੁਆਰਾ ਉਧਾਰੀ ਮੰਗੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਫ਼ਤ ’ਚ ਮਿਲਦੀ ਇਸ ਜਿਪਸੀ ਦੇ ਕਾਗਜ਼ਾਤ ਕਦੇ ਚੈੱਕ ਹੀ ਨਹੀਂ ਕੀਤੇ ਗਏ।
ਜਦੋਂ ਇਸ ਜਿਪਸੀ ਸਬੰਧੀ ਪਟਿਆਲਾ ਦੇ ਆਰਟੀਏ (RTA) ਬਬਨਦੀਪ ਸਿੰਘ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਰਿਕਾਰਡ ਅਨੁਸਾਰ ਪੀ. ਬੀ. 11-ਜੇ-0011 ਨੰਬਰ ਬਜਾਜ ਸਕੂਟਰ (ਮਾਡਲ 1997) ’ਤੇ ਚੜ੍ਹਿਆ ਹੋਇਆ ਹੈ, ਜੋ ਕਿ ਪਟਿਆਲਾ ਦੇ ਸਤਵਿੰਦਰ ਸਿੰਘ ਨਾਮ ’ਤੇ ਰਜਿਸਟਰਡ ਹੈ, ਰਿਕਾਰਡ ਮੁਤਾਬਕ ਇਹ ਆਰਸੀ ਹਾਲੇ ਚੱਲ ਰਹੀ ਹੈ।
ਐੱਸਡੀਐੱਮ ਨੇ ਕੁਝ ਕਹਿਣ ਦੀ ਬਜਾਏ ਫ਼ੋਨ ਕੱਟਿਆ
ਉੱਧਰ ਜਦੋਂ ਇਸ ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਦੀ ਵਰਤੋਂ ਬਾਰੇ ਐੱਸਡੀਐੱਮ ਕੰਵਲਜੀਤ ਸਿੰਘ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਿਰਫ਼ ਇਹ ਕਿਹਾ ਕਿ ਉਨ੍ਹਾਂ ਨੂੰ ਨਹੀਂ ਜਾਣਕਾਰੀ ਕਿ ਇਹ ਜਿਪਸੀ ਕਿਸ ਵਿਅਕਤੀ ਦੀ ਹੈ, ਇਹ ਕਹਿ ਕੇ ਉਨ੍ਹਾਂ ਫ਼ੋਨ ਕੱਟ ਦਿੱਤਾ।
ਜਾਅਲੀ ਨੰਬਰ ਬਾਰੇ ਡੀਐੱਸਪੀ ਨੂੰ ਨਹੀਂ ਸੀ ਜਾਣਕਾਰੀ
ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਬਾਰੇ ਮੁਕੇਰੀਆਂ ਦੇ ਡੀਐੱਸਪੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਅਜਿਹੇ ਸਮਾਗਮਾਂ ਦੌਰਾਨ ਜਿਪਸੀ ਮੁਹੱਈਆ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਇਹ ਕਿਸੇ ਜਾਣਕਾਰ ਪਾਸੋਂ ਸਮਾਗਮ ਲਈ ਮੰਗਵਾਈ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਨੰਬਰ ਜਾਅਲੀ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਉਹ ਫ਼ੇਰ ਵੀ ਇਸ ਮਾਮਲੇ ਦੀ ਜਾਂਚ ਕਰਨਗੇ।