NRI ਦੇ ਘਰ ਤੀਜੀ ਧੀ ਨੇ ਲਿਆ ਜਨਮ ਤਾਂ ਪਤਨੀ ਨੂੰ ਅਜਿਹੀ ਸਜ਼ਾ....!
ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਐੱਨ. ਆਰ. ਆਈ. (NRI) ਨੇ 3 ਧੀਆਂ ਦੀ ਮਾਂ ਨੂੰ ਕੁੱਟਮਾਰ ਕਰ ਘਰੋਂ ਬਾਹਰ ਕਰ ਦਿੱਤਾ।
ਚੰਡੀਗੜ੍ਹ: ਅੱਜ ਦੇ ਯੁੱਗ ’ਚ ਭਾਵੇਂ ਅਸੀਂ ਚੰਨ ’ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ, ਪਰ ਸਾਡੀ ਸੋਚ ਧੀਆਂ ਦੇ ਮਾਮਲੇ ’ਚ ਉਹੀ ਹੈ ਜੋ ਸਾਲਾਂ ਪਹਿਲਾਂ ਸੀ। ਅਜਿਹਾ ਹੀ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਐੱਨ. ਆਰ. ਆਈ. (NRI) ਨੇ 3 ਧੀਆਂ ਦੀ ਮਾਂ ਨੂੰ ਕੁੱਟਮਾਰ ਕਰ ਘਰੋਂ ਬਾਹਰ ਕਰ ਦਿੱਤਾ।
NRI ਪਤੀ ਨੂੰ ਹੈ ਪੁੱਤਰ ਦੀ ਲਾਲਸਾ
ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਔਰਤ ਰਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਵਿਆਹ 2014 ’ਚ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਮਰਾਵਾਂ (ਜ਼ਿਲ੍ਹਾ ਕਪੂਰਥਲਾ) ਨਾਲ ਹੋਇਆ ਸੀ। ਵਰਿੰਦਰ ਸਿੰਘ ਆਪਣੇ ਮਾਤਾ-ਪਿਤਾ ਨਾਲ ਫਰਾਂਸ ’ਚ ਰਹਿੰਦਾ ਹੈ ਤੇ ਕਦੇ ਕਦੇ ਉਹ ਆਪਣੇ ਪਿੰਡ ਕਮਰਾਵਾਂ ਆਉਂਦਾ ਹੈ। ਉਸਨੇ ਦੱਸਿਆ ਕਿ ਪਹਿਲਾਂ ਉਸਦੇ 2 ਧੀਆਂ ਸਨ, ਪਰ ਸਹੁਰਾ ਪਰਿਵਾਰ ਮੁੰਡਾ ਚਾਹੁੰਦੇ ਸਨ। ਜਦੋਂ ਤੀਜੀ ਵਾਰ ਵੀ ਧੀ ਨੇ ਜਨਮ ਲਿਆ ਤਾਂ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਪਹਿਲਾਂ ਵੀ ਥਾਣੇ ’ਚ ਹੋਇਆ ਪਤੀ ਪਤਨੀ ਦਾ ਰਾਜ਼ੀਨਾਮਾ
ਪੀੜਤ ਰਜਿੰਦਰ ਕੌਰ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਕੁੱਟਮਾਰ ਦੀ ਸ਼ਿਕਾਇਤ ਥਾਣੇ ’ਚ ਕਰਵਾਈ ਸੀ ਪਰ ਹਰ ਵਾਰ ਉਸਦਾ ਪਤੀ ਮੁਆਫ਼ੀ ਮੰਗ ਕੇ ਰਾਜੀਨਾਮਾ ਕਰ ਲੈਂਦਾ ਸੀ। ਪਰ ਇਸ ਵਾਰ ਉਸਦੇ ਪਤੀ ਅਤੇ ਸੱਸ ਨਿਰਮਲ ਕੌਰ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਘਰੋਂ ਕੱਢ ਦਿੱਤਾ।
ਪਤੀ ਦੇ ਦੂਸਰੀ ਔਰਤ ਨਾਲ ਹਨ ਪ੍ਰੇਮ ਸਬੰਧ
ਰਜਿਦੰਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧ ਹਨ ਅਤੇ ਉਹ ਪੁੱਤਰ ਦੀ ਲਾਲਸਾ ’ਚ ਉਸ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਉਸ ਤੋਂ ਤਲਾਕ ਲੈਣਾ ਚਾਹੁੰਦਾ ਹੈ।
ਉੱਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ’ਚ ਜੋ ਵੀ ਸਾਹਮਣੇ ਆਏਗਾ, ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।