ਪੰਜਾਬ ਤੋਂ ਬਾਅਦ ਰਾਘਵ ਚੱਢਾ ਨੂੰ ਗੁਜਰਾਤ ’ਚ ਮਿਲੀ ਵੱਡੀ ਜ਼ਿੰਮੇਵਾਰੀ, ਨਿਯੁਕਤ ਕੀਤਾ ਸਹਿ-ਇੰਚਾਰਜ
ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਗੁਜਰਾਤ ’ਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਚੰਡੀਗੜ੍ਹ: ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਗੁਜਰਾਤ ’ਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਅਸਲ ’ਚ ਨੌਜਵਾਨ ਵਰਗ ਆਪ ਆਗੂ ਰਾਘਵ ਚੱਢਾ ਕਾਫ਼ੀ ਚਰਚਿਤ ਚਿਹਰਾ ਰਹੇ ਹਨ, ਜਿਸਨੂੰ ਦੇਖਦਿਆਂ ਉਨ੍ਹਾਂ ਨੂੰ ਗੁਜਰਾਤ ’ਚ ਪਾਰਟੀ ਮਾਮਲਿਆਂ ਦਾ ਸਹਿ-ਇੰਚਾਰਜ ਲਗਾਇਆ ਗਿਆ ਹੈ।
ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਰਾਘਵ ਚੱਢਾ
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਰਾਘਵ ਚੱਢਾ ਨੇ ਵੱਡੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦੇਖਦਿਆਂ ਪਾਰਟੀ ਵਲੋਂ ਉਨ੍ਹਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ।
ਪਾਰਟੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੁਜਰਾਤ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ’ਚ ਰਾਘਵ ਚੱਢਾ ਨੇ ਗਹਿਰੀ ਛਾਪ ਛੱਡੀ ਹੈ। ਇਸ ਦੇ ਲਈ ਉਨ੍ਹਾਂ ਨੂੰ ਜਲਦ ਤੋਂ ਜਲਦ ਗੁਜਰਾਤ ਚੋਣਾਂ ਦੀਆਂ ਤਿਆਰੀਆਂ ਲਈ ਮੈਦਾਨ ’ਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਰਾਘਵ ਚੱਢਾ ਦੇ ਜ਼ਰੀਏ ਨੌਜਵਾਨ ਵਰਗ ਦਾ ਵੋਟ ਬੈਂਕ ’ਤੇ ਅੱਖ
ਇਸ ਇਲਾਵਾ ਰਾਘਵ ਚੱਢਾ, ਅਰਵਿੰਦ ਕੇਜਰੀਵਾਲ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ। ਇਹੀ ਕਾਰਨ ਹੈ ਕਿ ਹੁਣ ਤੱਕ ਹਰ ਸੂਬੇ ਦੀਆਂ ਚੋਣਾਂ ’ਚ ਪਾਰਟੀ ਵਲੋਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਅਰਵਿੰਦ ਕੇਜਰੀਵਾਲ ਮੰਨਦੇ ਹਨ ਕਿ ਗੁਜਰਾਤ ਚੋਣਾਂ ’ਚ ਰਾਘਵ ਚੱਢਾ ਦੀ ਬਦੌਲਤ ਆਮ ਆਦਮੀ ਪਾਰਟੀ ਨੌਜਵਾਨ ਵਰਗ ਦੇ ਵੋਟ ਬੈਂਕ ਨੂੰ ਹਾਸਲ ਕਰਨ ’ਚ ਕਾਮਯਾਬ ਹੋ ਸਕਦੀ ਹੈ।