Lok Sabha Election: `ਆਪ` ਦੇ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਰੋਡ ਸ਼ੋਅ ਕੱਢਿਆ
ਕੋਟਕਪੂਰਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕੋਟਕਪੁਰਾ ਵਿੱਚ ਰੋਡ ਸ਼ੋਅ ਕੱਢਿਆ।
Lok Sabha Election: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੀ ਮੋਟਰਸਾਈਕਲ ਰੈਲੀ ਜਦੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਵਿੱਚ ਦਾਖਲ ਹੋਈ ਤਾਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ।
ਕਰਮਜੀਤ ਅਨਮੋਲ ਨੇ ਆਖਿਆ ਕਿ ਭਾਵੇਂ ਉਹ ਫਿਲਮੀ ਦੁਨੀਆਂ ਵਿੱਚ ਪੈਸਾ ਅਤੇ ਨਾਮ ਕਮਾ ਰਿਹਾ ਸੀ ਪਰ ਮੇਰੀ ਡਿਊਟੀ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੂਰ ਕਰਨ ਲਈ ਲੱਗੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਬਣੇਗੀ। ਉਨ੍ਹਾਂ ਨਾਲ ਆਏ ਫਿਲਮੀ ਅਦਾਕਾਰ ਬੀਨੂੰ ਢਿੱਲੋਂ ਨੇ ਆਖਿਆ ਕਿ ਕਰਮਜੀਤ ਅਨਮੋਲ ਸਾਫ ਸੁਥਰੇ ਅਕਸ ਦਾ ਮਾਲਕ ਹੈ। ਉਸ ਨੂੰ ਪੂਰੀ ਉਮੀਦ ਹੈ ਕਿ ਉਹ ਸੰਸਦ ਵਿੱਚ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕਰੇਗਾ।
ਸਪੀਕਰ ਸੰਧਵਾਂ ਨੇ ਆਖਿਆ ਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਬਦਲ ਬਦਲ ਕੇ ਕਰੀਬ 7 ਦਹਾਕਿਆਂ ਤੱਕ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ ਤੇ ਉਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਲੋਕ ਹਿਤਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਅਤੇ ਸਹੂਲਤਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ।
ਉਨ੍ਹਾਂ ਨੇ ਕਿਹਾ ਕਿ ਕਰਮਜੀਤ ਅਨਮੋਲ ਤੇ ਉਨ੍ਹਾਂ ਦੇ ਸਾਥੀ ਕਲਾਕਾਰ ਬੀਨੂੰ ਢਿੱਲੋਂ ਵੱਲੋਂ ਮੋਟਰਸਾਈਕਲ ਰੈਲੀ ਦੀ ਅੱਜ ਸਵੇਰੇ 9:30 ਵਜੇ ਤੋਂ ਲੋਕ ਸਭਾ ਹਲਕਾ ਫਰੀਦਕੋਟ ਦੀ ਹਦੂਦ ਅਰਥਾਤ ਪਿੰਡ ਅਜੀਤਵਾਲ (ਮੋਗਾ) ਤੋਂ ਸ਼ੁਰੂ ਕੀਤੀ ਜੋ ਬੁੱਘੀਪੁਰਾ ਚੌਕ ਮੋਗਾ ਵਿਖੇ 10:30 ਵਜੇ, ਬਾਘਾਪੁਰਾਣਾ 12:30 ਵਜੇ, ਪੰਜਗਰਾਈਂ 1:15 ਵਜੇ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਆਗੂ ਤੇ ਵਰਕਰ ਗਰੀਨ ਢਾਬਾ ਮੋਗਾ ਰੋਡ ਕੋਟਕਪੂਰਾ ਵਿਖੇ ਇਕੱਤਰ ਹੋਏ, ਜਿੱਥੇ ਉਕਤ ਰੈਲੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਮੇਤ ਕਰਮਜੀਤ ਅਨਮੋਲ ਤੇ ਬੀਨੂੰ ਢਿੱਲੋਂ ਦੀ ਅਗਵਾਈ ਹੇਠ ਕਾਫਲੇ ਦੇ ਰੂਪ ਵਿੱਚ ਬਾਬਾ ਦਿਆਲ ਸਿੰਘ ਤਿਕੌਣੀ ਚੌਕ ਰਾਹੀਂ ਹੁੰਦੀ ਹੋਈ ਅਕਾਲੀਆਂ ਵਾਲੀ ਗਲੀ, ਪੁਰਾਣਾ ਸ਼ਹਿਰ, ਜੋੜੀਆਂ ਚੱਕੀਆਂ, ਫੇਰੂਮਾਨ ਚੌਕ, ਮਹਿਤਾ ਚੌਕ, ਰੇਲਵੇ ਬਾਜ਼ਾਰ, ਢੋਡਾ ਚੌਕ, ਫ਼ੌਜੀ ਰੋਡ ਤੋਂ ਬੱਤੀਆਂ ਵਾਲਾ ਚੌਕ ਹੁੰਦਿਆਂ ਪਿੰਡ ਸੰਧਵਾਂ ਪੁੱਜਣ ਉਪਰੰਤ ਫ਼ਰੀਦਕੋਟ ਦਾਖ਼ਲ ਹੋਣਗੇ।
ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਸਮੇਤ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਸੁਖਵੰਤ ਸਿੰਘ ਪੱਕਾ, ਸੁਖਵਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਆਰੇਵਾਲਾ, ਜਗਸੀਰ ਸਿੰਘ ਗਿੱਲ, ਮਨਦੀਪ ਸਿੰਘ ਮਿੰਟੂ ਗਿੱਲ, ਮਨਜੀਤ ਸ਼ਰਮਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਬੱਬੂ ਸਿੰਘ ਸਿੱਖਾਂਵਾਲਾ, ਭੋਲਾ ਸਿੰਘ ਟਹਿਣਾ, ਬਾਬੂ ਸਿੰਘ ਫਿੱਡੇ, ਅਰੁਣ ਚਾਵਲਾ, ਮੇਹਰ ਸਿੰਘ ਚੰਨੀ, ਸੁਖਜਿੰਦਰ ਸਿੰਘ ਤੱਖੀ ਆਦਿ ਨੇ ਦਾਅਵਾ ਕੀਤਾ ਕਿ ਮੋਗਾ ਜਿਲੇ ਦੇ ਕਸਬੇ ਅਜੀਤਵਾਲ ਤੋਂ ਸ਼ੁਰੂ ਹੋਈ ਮੋਟਰਸਾਈਕਲ ਰੈਲੀ ਦਾ ਕਾਫਲਾ ਵਧਦਾ ਗਿਆ ਤੇ ਉਸ ਨੇ ਸੁਨਾਮੀ ਦਾ ਰੂਪ ਧਾਰਨ ਕਰ ਲਿਆ। ਮੋਟਰਸਾਈਕਲ ਰੈਲੀ ਵਿੱਚ ਸ਼ਾਮਲ ਵਲੰਟੀਅਰਾਂ ਵਲੋਂ ਆਮ ਆਦਮੀ ਪਾਰਟੀ ਅਤੇ ''ਇਨਕਲਾਬ ਜਿੰਦਾਬਾਦ'' ਦੇ ਨਾਅਰਿਆਂ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨਾਲ ''ਧੱਕੇਸ਼ਾਹੀ'' ਅਤੇ ''ਤਾਨਾਸ਼ਾਹੀ ਬੰਦ ਕਰੋ'' ਦੇ ਵੀ ਨਾਅਰੇ ਲਾਏ ਜਾ ਰਹੇ ਸਨ।