CM ਮਾਨ ਵਲੋਂ 2 ਭਾਸ਼ਾਵਾਂ ’ਚ ਭੇਜੇ Letter ਦਾ ਮਾਮਲਾ ਗਰਮਾਇਆ, ਅਕਾਲੀ ਦਲ ਨੇ ਜਾਂਚ ਦੀ ਕੀਤੀ ਮੰਗ
CM ਮਾਨ ਵਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜੀ ਗਈ ਚਿੱਠੀ ਦੇ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਇਸ ਗੰਭੀਰ ਅਪਰਾਧ ਮਾਮਲੇ ਦੀ ਜਾਂਚ ਕਰਵਾਈ ਜਾਵੇ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜੀ ਗਈ ਚਿੱਠੀ ਦੇ ਮਾਮਲੇ ’ਤੇ ਸਿਆਸਤ ਤੇਜ਼ ਹੋ ਗਈ ਹੈ। ਇਸ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਮੰਗ ਕੀਤੀ ਹੈ ਕਿ ਇਸ ਗੰਭੀਰ ਅਪਰਾਧ ਮਾਮਲੇ ਦੀ ਜਾਂਚ ਕਰਵਾਈ ਜਾਵੇ।
CM ਮਾਨ ਖ਼ੁਦ ਦੇਣ ਸਪੱਸ਼ਟੀਕਰਨ: ਅਕਾਲੀ ਦਲ
ਇੱਕ ਜਾਰੀ ਕੀਤੇ ਬਿਆਨ ’ਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ (AAP) ਵਲੋਂ ਇਹ ਧੋਖਾ ਮੁੱਖ ਮੰਤਰੀ ਦੇ ਨਾਮ ’ਤੇ ਕੀਤਾ ਗਿਆ ਹੈ, ਜਿਸ ਅਹੁਦੇ ’ਤੇ ਭਗਵੰਤ ਮਾਨ ਬਿਰਾਜਮਾਨ ਹਨ। ਸੋ, ਮੁੱਖ ਮੰਤਰੀ ਨੂੰ ਖ਼ੁਦ ਇਸ ਮਾਮਲੇ ’ਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਡਾ. ਦਲਜੀਤ ਚੀਮਾ ਨੇ ਕਿਹਾ ਕਿ ਇਹ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹ ਮੁੱਖ ਮੰਤਰੀ ਵਲੋਂ ਕੀਤਾ ਗਿਆ ਹੈ ਜਾਂ ਉਨ੍ਹਾਂ ਦੀ ਜਾਣ-ਪਛਾਣ ਵਾਲਿਆਂ ਨੇ ਇਹ ਅਪਰਾਧ ਕੀਤਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਸ ਦੀ ਐੱਫ਼. ਆਰ. ਆਈ (FIR) ਕਰਵਾ ਕੇ ਮਾਮਲੇ ਦੀ ਉੱਚ-ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ।
'ਆਪ' ਧੋਖਾ ਦੇਣ ’ਚ ਮਾਹਿਰ ਪਾਰਟੀ ਹੈ: ਡਾ. ਚੀਮਾ
ਡਾ. ਚੀਮਾ ਨੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਖ਼ੁਦ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ’ਚ ਸਿਆਸਤ ਕਰਨ ਦਾ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ 'ਆਪ' ਧੋਖਾ ਦੇਣ ’ਚ ਮਾਹਿਰ ਪਾਰਟੀ ਹੈ ਜਿਸ ਕਾਰਨ ਸੱਚਾਈ ਦੀ ਉਮੀਦ ਘੱਟ ਹੈ।
CM ਦੇ ਟਵਿੱਟਰ ਹੈਂਡਲ ’ਤੇ ਪੋਸਟ ਕੀਤਾ ਗਿਆ Letter ਪੰਜਾਬੀ ’ਚ
ਇੱਥੇ ਦੱਸਣਾ ਦਿਲਚਸਪ ਹੋਵੇਗਾ ਕਿ CM ਭਗਵੰਤ ਮਾਨ (CM Bhagwant Mann) ਨੇ ਆਪਣੇ ਟਵਿੱਟਰ ਹੈਂਡਲ ’ਤੇ ਜੋ ਪੱਤਰ ਪੋਸਟ ਕੀਤਾ, ਉਹ ਪੰਜਾਬ ਭਾਸ਼ਾ ’ਚ ਲਿਖਿਆ ਗਿਆ ਹੈ। ਦੂਜੇ ਪਾਸੇ ਪੱਤਰ ਪੰਜਾਬ ਰਾਜ ਭਵਨ ’ਚ ਪ੍ਰਾਪਤ ਹੋਇਆ ਹੈ, ਉਹ ਅੰਗਰੇਜੀ ’ਚ ਲਿਖਿਆ ਗਿਆ ਹੈ। ਜਿਸ ਤੋਂ ਬਾਅਦ ਰਾਜਪਾਲ ਪੁਰੋਹਿਤ ਦੁਆਰਾ ਪੁੱਛਿਆ ਗਿਆ ਹੈ ਕਿ ਪੰਜਾਬੀ ਵਾਲਾ ਪੱਤਰ ਸਹੀ ਹੈ ਜਾਂ ਅੰਗਰੇਜ਼ੀ ਭਾਸ਼ਾ ਵਾਲਾ?
ਦੋਹਾਂ ਪੱਤਰਾਂ ’ਚ ਵਰਤੀ ਗਈ ਸ਼ਬਦਾਵਲੀ ’ਚ ਫ਼ਰਕ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੋ ਪੰਜਾਬੀ ’ਚ ਲਿਖਿਆ ਪੱਤਰ ਹੈ ਉਸ ’ਚ ਕਾਫ਼ੀ ਸਖ਼ਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ, ਨਾਲ ਹੀ ਸਰਕਾਰ ਦੇ ਕੰਮਕਾਜ ’ਚ ਦਖ਼ਲ ਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਜਦਕਿ ਅੰਗਰੇਜੀ ਭਾਸ਼ਾ ਵਾਲੇ ਪੱਤਰ ’ਚ CM ਭਗਵੰਤ ਮਾਨ ਨੇ ਬੇਨਤੀ ਕਰਦੇ ਹੋਏ ਰਾਜਪਾਲ ਨੂੰ ਆਪਣੇ ਫ਼ੈਸਲੇ ’ਤੇ ਦੁਬਾਰਾ ਵਿਚਾਰ ਕਰਨ ਲਈ ਕਿਹਾ ਹੈ।
ਇਹ ਖ਼ੁਲਾਸਾ ਹੋਣ ਤੋਂ ਬਾਅਦ ਵਿਰੋਧੀਆਂ ਧਿਰਾਂ ਨੇ ਮੁੱਖ ਮੰਤਰੀ ਮਾਨ ’ਤੇ ਸਵਾਲ ਚੁੱਕੇ ਹਨ। ਅਕਾਲੀ ਦਲ ਨੇ ਬਕਾਇਦਾ ਰਾਜਪਾਲ ਸਾਹਮਣੇ ਮੰਗ ਰੱਖੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।