ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੰਤਰੀਆਂ ਤੋਂ ਬਾਅਦ ਹੁਣ ਵਿਧਾਇਕ (MLA) ਵੀ ਸੁਰਖੀਆਂ ਬਟੋਰਦੇ ਨਜ਼ਰ ਆ ਰਹੇ ਹਨ। ਦਰਅਸਲ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਅਦਾਲਤ ’ਚ ਪੇਸ਼ ਨਾ ਹੋਣ ਦੇ ਚੱਲਦਿਆਂ ਭਗੌੜਾ ਐਲਾਨ ਦਿੱਤਾ ਗਿਆ ਹੈ। 


COMMERCIAL BREAK
SCROLL TO CONTINUE READING


'ਆਪ' ਆਗੂਆਂ ਨੇ ਸਾਲ 2020 ’ਚ ਦਿੱਤਾ ਗਿਆ ਸੀ ਧਰਨਾ
ਗੌਰਤਲੱਬ ਹੈ ਕਿ ਸਾਲ 2020 ’ਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਰਨਤਾਰਨ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਦੇਣ ਮੌਕੇ ਹਾਈਵੇਅ ਜਾਮ ਕੀਤਾ ਗਿਆ ਸੀ। ਇਸ ਧਰਨੇ ਦੇ ਸਬੰਧ ’ਚ ਸਥਾਨਕ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਗਏ ਸਨ। ਇਸ ਧਰਨੇ ’ਚ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਰੋੜੀ, ਲਾਲਜੀਤ ਸਿੰਘ ਭੁੱਲਰ, ਗੁਰਮੀਤ ਸਿੰਘ ਮੀਤ ਹੇਅਰ, ਹਰਭਜਨ ਸਿੰਘ ਈ. ਟੀ. ਓ. ਅਤੇ ਬਕਾਲਾ ਤੋਂ ਮੌਜੂਦਾ ਵਿਧਾਇਕ ਦਲਬੀਰ ਸਿੰਘ ਟੌਂਗ (Dalbir Singh Tong) ਦੇ ਨਾਲ ਹੋਰਨਾ ਕਈਆਂ ’ਤੇ ਕੇਸ ਦਰਜ ਕੀਤਾ ਗਿਆ ਸੀ। 



ਜ਼ਮਾਨਤ ਤੋਂ ਬਾਅਦ ਪੇਸ਼ ਨਹੀਂ ਹੋ ਰਹੇ ਸਨ MLA ਟੌਂਗ
ਕੇਸ ਦਰਜ ਹੋਣ ਉਪਰੰਤ ਉਕਤ ਆਗੂਆਂ ਵੱਲੋਂ ਹਾਈਕੋਰਟ ਦੇ ਹੁਕਮਾਂ (Orders of High Court) ’ਤੇ ਹੇਠਲੀ ਅਦਾਲਤ ਵਿੱਚ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾ ਲਈ ਗਈ ਸੀ। ਪਰ ਜ਼ਮਾਨਤ ਮਿਲਣ ਤੋਂ ਬਾਅਦ MLA ਦਲਬੀਰ ਸਿੰਘ ਟੌਂਗ ਜ਼ਿਲ੍ਹਾ ਅਦਾਲਤ ਦੁਆਰਾ ਲਗਾਤਾਰ ਪੇਸ਼ ਨਹੀਂ ਹੋ ਰਹੇ ਸਨ। 
ਗੈਰ-ਹਾਜ਼ਰ ਰਹਿਣ ਕਾਰਨ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ’ਚ ਪੇਸ਼ ਨਾ ਹੋਣ ’ਤੇ ਉਨ੍ਹਾਂ ਦੀ ਸੰਪਤੀ ਕੁਰਕ ਕੀਤੇ ਜਾਣ ਦੇ ਵੀ ਹੁਕਮ ਸੁਣਾਏ ਗਏ ਹਨ। 



ਭਗੌੜਾ ਐਲਾਨਣ ਦੇ ਨਾਲ ਨਾਲ ਜਾਇਦਾਦ ਕੁਰਕ ਕਰਨ ਦੇ ਹੁਕਮ
ਬੁੱਧਵਾਰ ਨੂੰ ਮਾਣਯੋਗ ਬਗੀਚਾ ਸਿੰਘ ਦੀ ਅਦਾਲਤ ਵਲੋਂ ਜਿੱਥੇ MLA ਦਲਬੀਰ ਸਿੰਘ ਟੌਂਗ ਨੂੰ ਭਗੌੜਾ ਕਰਾਰ ਦਿੰਦਿਆਂ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਧਾਰਾ 174-ਏ ਤਹਿਤ ਮਾਮਲਾ ਦਰਜ ਕਰਨ ਦੇ ਨਾਲ ਨਾਲ  ਉਨ੍ਹਾਂ ਦੀ ਜਾਇਦਾਦ ਸੱਤ ਦਿਨਾਂ ਦੇ ਅੰਦਰ ਅੰਦਰ ਕੁਰਕ ਕੀਤੇ ਜਾਣ ਦੇ ਹੁਕਮ ਸੁਣਾਏ  ਹਨ। 
ਇਸ ਸਬੰਧੀ 'ਆਪ' ਵਲੋਂ ਅਦਾਲਤ ’ਚ ਪੇਸ਼ ਹੋਣ ਵਾਲੇ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਅਗਲੀ ਸੁਣਵਾਈ ਲਈ 19 ਨਵੰਬਰ ਨਿਸ਼ਚਿਤ ਕੀਤੀ ਗਈ ਹੈ।  



ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਹਰਦੀਪ ਸਿੰਘ ਪਠਾਣਮਾਜਰਾ ਨੂੰ ਵੀ ਦੂਜੀ ਪਤਨੀ ਵਲੋਂ ਕੀਤੇ ਕੇਸ ਦੇ ਚੱਲਦਿਆਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।