`ਆਪ` ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਅੰਤਿਮ ਸਸਕਾਰ, ਪਰਿਵਾਰ ਵਿਚ ਸੋਗ ਦਾ ਮਾਹੌਲ
ਆਪ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਵੱਡਾ ਸਦਮਾ ਲੱਗਿਆ ਹੈ। ਉਹਨਾਂ ਦੇ ਪਿਤਾ ਦਰਸ਼ਨ ਸਿੰਘ ਦਾ ਲੰਘੇ ਦਿਨੀਂ ਦੇਹਾਂਤ ਹੋਇਆ ਸੀ ਅਤੇ ਅੱਜ ਨਮ ਅੱਖਾਂ ਦੇ ਨਾਲ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਦਵਿੰਦਰ ਸ਼ਰਮਾ/ਬਰਨਾਲਾ: ਜਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਤੋਂ ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਉਗੋਕੇ ਵਿਖੇ ਕਰ ਦਿੱਤਾ ਗਿਆ। ਲਾਭ ਸਿੰਘ ਉਗੋਕੇ ਦੀ ਮਾਤਾ, ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀਆਂ ਔਰਤਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਸਾਰਿਆਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਲਾਭ ਸਿੰਘ ਉਗੋਕੇ ਨੇ ਆਪਣੇ ਪਿਤਾ ਦੀ ਚਿਤਾ ਨੂੰ ਮੁੱਖ ਅਗਨ ਭੇਂਟ ਕੀਤੀ।
ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਉਗੋਕੇ ਵਿਖੇ ਸੋਗਮਈ ਮਾਹੌਲ ਵਿਚ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ, ਸੀ.ਐਮ.ਭਗਵੰਤ ਮਾਨ ਦੀ ਮਾਤਾ ਬਲਦੇਵ ਕੌਰ, ਵਿਧਾਇਕ ਨਰਿੰਦਰ ਕੌਰ ਭਾਰਜ, ਡੀ.ਸੀ ਅਤੇ ਐਸ.ਐਸ.ਪੀ ਬਰਨਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਆਉਣ ਵਾਲੇ ਦਿਨਾਂ ਵਿਚ ਜਲਦ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਲਾਭ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਪਿੰਡ ਪਹੁੰਚਣਗੇ।
ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਲਾਭ ਸਿੰਘ ਉਗੋਕੇ
ਜਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਲਾਭ ਸਿੰਘ ਉਗੋਕੇ ਨੇ ਆਪਣੇ ਮਾਤਾ ਪਿਤਾ ਦੀ ਮਿਹਨਤ ਅਤੇ ਲਗਨ ਨਾਲ ਆਪਣੇ ਇਲਾਕੇ ਲਈ ਵਿਧਾਇਕ ਬਣ ਕੇ ਸ਼ੁਰੂਆਤ ਕੀਤੀ ਸੀ ਅਤੇ ਪੂਰੇ ਪਿੰਡ ਅਤੇ ਸਮੁੱਚੀ ਸਭਾ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਅਤੇ ਪਿਆਰ ਦਿੱਤਾ। 27 ਸਤੰਬਰ ਦਾ ਦਿਨ ਵਿਧਾਇਕ ਲਾਭ ਸਿੰਘ ਲਈ ਵੱਡਾ ਦਰਦ ਲੈ ਕੇ ਆਇਆ ਜਿਸ ਵਿਚ ਲਾਭ ਸਿੰਘ ਦੇ ਪਰਿਵਾਰ ਦੇ ਸਿਰ ਤੋਂ ਉਸ ਦੇ ਪਿਤਾ ਦਾ ਹੱਥ ਟੁੱਟ ਗਿਆ। ਲਾਭ ਸਿੰਘ ਦੇ ਪਿਤਾ ਦਰਸ਼ਨ ਸਿੰਘ ਸ਼ੂਗਰ ਅਤੇ ਬੀ. ਪੀ. ਦੇ ਮਰੀਜ਼ ਸਨ ਅਤੇ ਉਨ੍ਹਾਂ ਦੀ ਦਵਾਈ ਚੱਲ ਰਹੀ ਸੀ। ਲਾਭ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਕੋਈ ਗਲਤ ਦਵਾਈ ਲੈਣ ਕਾਰਨ ਤਬੀਅਤ ਵਿਗੜ ਗਈ ਸੀ, ਜਿਸ ਨੂੰ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ, ਪਰ ਇਲਾਜ ਦੌਰਾਨ ਬੀਤੇ ਕੱਲ੍ਹ ਉਸਦੀ ਮੌਤ ਹੋ ਗਈ ਸੀ ਅਤੇ ਅੱਜ ਉਸਦੇ ਜੱਦੀ ਪਿੰਡ ਭਦੌੜ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਕੈਬਨਿਟ ਮੰਤਰੀ ਮੀਤ ਹੇਅਰ ਪਹੁੰਚੇ
ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪਿਤਾ ਦਾ ਹਰ ਵਿਅਕਤੀ ਦੇ ਜੀਵਨ ਵਿਚ ਅਹਿਮ ਰੋਲ ਹੁੰਦਾ ਹੈ ਅਤੇ ਪਿਤਾ ਦੇ ਦਿਹਾਂਤ ਤੋਂ ਵੱਡਾ ਕੋਈ ਦੁੱਖ ਨਹੀਂ ਹੈ ਅਤੇ ਪਿਤਾ ਨੇ ਬਹੁਤ ਹੀ ਮਿਹਨਤ ਨਾਲ ਲਾਭ ਸਿੰਘ ਉਗੋਕੇ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਸੀ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀਆਂ ਆਈਆਂ ਸਨ ਇਸ ਗਮ 'ਚ ਉਹ ਕਿਤੇ ਗੁਆਚ ਗਿਆ ਹੈ ਪਰ ਪੂਰੀ ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ ਦੇ ਪਰਿਵਾਰ ਦੇ ਦੁੱਖ 'ਚ ਖੜ੍ਹੀ ਹੈ ਅਤੇ ਜਲਦ ਹੀ ਮੁੱਖ ਮੰਤਰੀ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।
WATCH LIVE TV