Punjab News: ਵਿਧਾਇਕਾਂ ਨੂੰ ਨਾਲ ਲੈਕੇ ਜ਼ਮੀਨੀ ਹਕੀਕਤਾਂ ਜਾਨਣ ਜਲ ਸਰੋਤ ਵਿਭਾਗ ਦੇ ਅਧਿਕਾਰੀ-ਚੇਤਨ ਸਿੰਘ ਜੌੜਾਮਾਜਰਾ
Punjab News: ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡਰੇਨੇਜ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਮੀਨੀ ਹਕੀਕਤਾਂ ਜਾਨਣ ਲਈ ਹਲਕਾ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੇ ਇਲਾਕੇ ਦਾ ਦੌਰਾ ਕਰਨ।
Punjab News: ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡਰੇਨੇਜ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਮੀਨੀ ਹਕੀਕਤਾਂ ਜਾਨਣ ਲਈ ਹਲਕਾ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੇ ਇਲਾਕੇ ਦਾ ਦੌਰਾ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਮੂਹ ਅਧਿਕਾਰੀ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ, ਢਿੱਲੀ ਕਾਰਗੁਜ਼ਾਰੀ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਈ ਹਲਕਿਆਂ ਦੇ ਵਿਧਾਇਕਾਂ ਨੂੰ ਨਾਲ ਲੈਕੇ ਜਲ ਸਰੋਤ ਵਿਭਾਗ ਅਧੀਨ ਡਰੇਨੇਜ ਤੇ ਨਹਿਰੀ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਟਿਆਲਾ ਵਿਖੇ ਸੂਬਾ ਪੱਧਰੀ ਸਾਂਝੀ ਬੈਠਕ ਕਰਕੇ ਵਿਭਾਗੀ ਕੰਮ ਕਾਜ ਦਾ ਜਾਇਜ਼ਾ ਲਿਆ। ਮੀਟਿੰਗ 'ਚ ਵਿਧਾਇਕ ਗੁਰਲਾਲ ਘਨੌਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਕੁਲਵੰਤ ਸਿੰਘ ਸ਼ੁਤਰਾਣਾ, ਅਮਿਤ ਰਤਨ, ਜਗਸੀਰ ਸਿੰਘ ਭੁੱਚੋ ਮੰਡੀ, ਵਰਿੰਦਰ ਗੋਇਲ ਲਹਿਰਾਗਾਗਾ, ਕੁਲਜੀਤ ਸਿੰਘ ਰੰਧਾਵਾ ਡੇਰਾਬਸੀ ਤੇ ਲਾਭ ਸਿੰਘ ਉਗੋਕੋ ਸਮੇਤ ਮੁੱਖ ਇੰਜੀਨੀਅਰ ਹਰਦੀਪ ਸਿੰਘ ਮਹਿੰਦੀਰੱਤਾ, ਨਿਗਰਾਨ ਇੰਜੀਨੀਅਰ ਮਨੋਜ ਬਾਂਸਲ ਤੇ ਹੋਰ ਉਚ ਅਧਿਕਾਰੀ ਮੌਜੂਦ ਸਨ।
ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਿੰਚਾਈ ਲਈ ਟੇਲਾਂ ਤੱਕ ਪਾਣੀ ਪਹੁੰਚਾਏ ਜਾਣ ਲਈ ਸ਼ਲਾਘਾ ਵੀ ਕੀਤੀ। ਚੇਤਨ ਸਿੰਘ ਜੌੜਾਮਾਜਰਾ ਨੇ ਸਮੂਹ ਵਿਧਾਇਕਾਂ ਵੱਲੋਂ ਦਿੱਤੀ ਫੀਡਬੈਕ ਦੇ ਅਧਾਰ 'ਤੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਘੱਗਰ ਸਮੇਤ ਹੋਰ ਦਰਿਆਵਾਂ ਤੇ ਨਦੀਆਂ ਵਿੱਚ ਆਉਣ ਵਾਲੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜਾਂ 'ਤੇ ਅਮਲ ਯਕੀਨੀ ਬਣਾਇਆ ਜਾਵੇ।
ਇਸ ਤੋਂ ਬਿਨ੍ਹਾਂ ਘੱਗਰ ਦੇ ਵਲ ਕੱਢਣ, ਨਦੀਆਂ, ਨਾਲਿਆਂ ਤੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਣ ਤੇ ਨੀਵੇਂ ਪੁੱਲਾਂ, ਸਾਇਫਨਾਂ ਕਰਕੇ ਲਗਦੀ ਡਾਫ ਦਾ ਵੀ ਪੱਕਾ ਹੱਲ ਕੀਤਾ ਜਾਵੇ। ਨਹਿਰੀ ਵਿਭਾਗ ਦੇ ਸਾਰੇ ਰੈਸਟ ਹਾਊਸ ਦੀ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ ਵਿੱਚ ਜਲ ਸਰੋਤ ਵਿਭਾਗ ਨਾਲ ਸਬੰਧਤ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਅਧਾਰ 'ਤੇ ਕਰਵਾਏ ਜਾਣੇ ਵੀ ਯਕੀਨੀ ਬਣਾਏ ਜਾਣ।
ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਜਲ ਤੇ ਭੂਮੀ ਰੱਖਿਆ, ਭੂ-ਵਿਗਿਆਨ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤਾਂ ਕਿ ਪੰਜਾਬ ਅੰਦਰ ਸਿੰਚਾਈ ਲਈ ਟਿਊਬਵੈਲਾਂ ਉਪਰ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਵਿਭਾਗ ਦੀ ਜਮੀਨ ਉਪਰ ਹੋਏ ਨਜਾਇਜ਼ ਕਬਜੇ ਤੁਰੰਤ ਛਡਵਾਏ ਜਾਣ ਲਈ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕੇ।
ਇਹ ਵੀ ਪੜ੍ਹੋ : INDIA Alliance Meeting: ਪ੍ਰਧਾਨ ਮੰਤਰੀ ਚਿਹਰੇ ਵਜੋਂ ਇੰਡੀਆ ਗਠਜੋੜ ਵੱਲੋਂ ਮਲਿਕਾਰਜੁਨ ਖੜਗੇ ਦੇ ਨਾਮ ਉਤੇ ਪ੍ਰਸਤਾਵ: ਸੂਤਰ