ਰਿਸ਼ਵਤਖੋਰੀ ਦੇ ਕੋਹੜ ਨੂੰ ਪੰਜਾਬ ’ਚੋਂ ਖ਼ਤਮ ਕਰਕੇ ਹੀ ਦਮ ਲਿਆ ਜਾਵੇਗਾ: ਬ੍ਰਹਮ ਸ਼ੰਕਰ ਜਿੰਪਾ
ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਪੱਧਰ ਦਾ ਦਬਾਅ ਰਿਸ਼ਵਤਖੋਰਾਂ ਨੂੰ ਕਾਰਵਾਈ ਤੋਂ ਬਚਾਅ ਨਹੀਂ ਸਕਦਾ।
Strict Action against Bribe takers: ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੁਆਰਾ ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਸਬੰਧੀ ਵਚਨਬੱਧਤਾ ਦੀ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਭਰਵੇਂ ਸ਼ਬਦਾਂ ’ਚ ਸ਼ਲਾਘਾ ਕੀਤੀ ਹੈ।
ਜਿੰਪਾ ਨੇ ਕਿਹਾ ਕਿ ਸਰਕਾਰ ਬਣਦੇ ਸਾਰ ਹੀ ਸੂਬਾ ਸਰਕਾਰ ਨੇ ਪ੍ਰਣ ਕੀਤਾ ਸੀ ਕਿ ਰਿਸ਼ਵਤਖੋਰੀ ਦੇ ਕੋਹੜ ਨੂੰ ਪੰਜਾਬ ‘ਚੋਂ ਖਤਮ ਕਰਕੇ ਦਮ ਲਿਆ ਜਾਵੇਗਾ ਅਤੇ ਇਸ ਮਕਸਦ ਦੀ ਪੂਰਤੀ ਲਈ ਕਿਸੇ ਵੀ ਪੱਧਰ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਪੱਧਰ ਦਾ ਦਬਾਅ ਰਿਸ਼ਵਤਖੋਰਾਂ ਨੂੰ ਕਾਰਵਾਈ ਤੋਂ ਬਚਾਅ ਨਹੀਂ ਸਕਦਾ।
ਜ਼ਿਕਰਯੋਗ ਹੈ ਕਿ ਲੁਧਿਆਣਾ ’ਚ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਨੂੰ ਵਿਜੀਲੈਂਸ ਬਿਓਰੋ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ’ਚ ਸੂਬੇ ਭਰ ਦੇ ਪੀ. ਸੀ. ਐੱਸ. ਅਧਿਕਾਰੀ ਸਮੂਹਿਕ ਛੁੱਟੀ ’ਤੇ ਚੱਲ ਗਏ ਸਨ। ਜਿਸ ’ਤੇ ਪੰਜਾਬ ਸਰਕਾਰ ਦਾ ਸਖ਼ਤ ਸਟੈਂਡ ਸਾਹਮਣੇ ਆਇਆ, ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੜਤਾਲ ’ਤੇ ਗਏ ਅਫ਼ਸਰਾਂ ਨੂੰ ਤਾੜਨਾ ਕਰਦਿਆਂ 2 ਵਜੇ ਤੱਕ ਡਿਊਟੀ ਜੁਆਇੰਨ ਕਰਨ ਦੇ ਹੁਕਮ ਦਿੱਤੇ ਸਨ।
ਉੱਧਰ ਮੁੱਖ ਮੰਤਰੀ ਮਾਨ ਦੇ ਵਧੀਕ ਮੁੱਖ ਸਕੱਤਰ ਵੇਣੂ ਪ੍ਰਸਾਦ ਨਾਲ ਮੀਟਿੰਗ ਦੌਰਾਨ ਭਰੋਸਾ ਦਿੱਤਾ ਕਿ ਕਿਸੇ ਵੀ ਅਫ਼ਸਰ ਨਾਲ ਧੱਕਾ ਨਹੀਂ ਹੋਵੇਗਾ ਪਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
ਹੁਣ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਲਏ ਗਏ ਸਖ਼ਤ ਸਟੈਂਡ ਤੋਂ ਬਾਅਦ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਦੁਹਰਾਇਆ ਹੈ ਕਿ ਲੋਕਾਂ ਦੀ ਸੇਵਾ ਕਰਨਾ ਅਤੇ ਦਿੱਕਤ ਰਹਿਤ ਸੇਵਾਵਾਂ ਦੇਣਾ ਅਫਸਰਾਂ/ਮੁਲਾਜ਼ਮਾਂ ਦਾ ਫਰਜ਼ ਹੈ ਅਤੇ ਡਿਊਟੀ ਵੀ। ਉਨ੍ਹਾਂ ਮਾਲ ਵਿਭਾਗ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਲੋਕ ਸੇਵਾ ਨੂੰ ਪਹਿਲ ਦਿੱਤੀ ਜਾਵੇ ਅਤੇ ਲੋਕਾਂ ਦੇ ਕੰਮ ਬਿਨਾਂ ਸਿਫਾਰਸ਼ ਅਤੇ ਰਿਸ਼ਵਤ ਦੇ ਕੀਤੇ ਜਾਣ।
ਮੰਤਰੀ ਜਿੰਪਾ ਨੇ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਕੰਮ ਨੂੰ ਕਰਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ, ਹਾਂ ਜੇਕਰ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਤੁਰੰਤ ਰਿਪੋਰਟ ਕੀਤੀ ਜਾਵੇ।
ਇਹ ਵੀ ਪੜ੍ਹੋ: ਦਰਵਾਜਾ ਖੋਲ੍ਹਣ ’ਚ ਦੇਰੀ ਕਰਨ ’ਤੇ ਜੇਠ ਨੇ ਕੀਤਾ ਭਰਜਾਈ ਦਾ ਕਤਲ, ਵੀਡੀਓ ਬਣਾ ਦੋਸਤ ਨੂੰ ਭੇਜੀ