ਚੰਡੀਗੜ: ਲਗਾਤਾਰ ਸੁਰਖੀਆਂ ਵਿਚ ਰਹਿਣ ਵਾਲੇ ਯੂ. ਪੀ. ਦੇ ਬਾਹੂਬਲੀ ਮੁਖਤਾਰ ਅੰਸਾਰੀ ਨੂੰ ਲੈ ਕੇ ਯੂ. ਪੀ. ਅਤੇ ਪੰਜਾਬ ਪੁਲਿਸ ਦਾ ਕਾਫੀ ਚਿਰ ਪੇਚਾ ਪਿਆ ਰਿਹਾ। ਯੂ. ਪੀ. ਪੁਲਿਸ ਆਖਿਰ ਅੰਸਾਰੀ ਨੂੰ ਲਿਜਾਣ ਵਿਚ ਕਾਮਯਾਬ ਹੋ ਗਈ। ਪਰ ਹੁਣ ਅੰਸਾਰੀ ਦਾ ਪੁੱਤ ਅੱਬਾਸ ਅੰਸਾਰੀ ਯੂ. ਪੀ. ਪੁਲਿਸ ਲਈ ਪਹੇਲੀ ਬਣਿਆ ਹੋਇਆ ਹੈ। ਅੱਬਾਸ ਅੰਸਾਰੀ ਆਖਰੀ ਲੋਕੇਸ਼ਨ ਪੰਜਾਬ ਵਿਚ ਮਿਲੀ ਹੈ। ਦੱਸ ਦਈਏ ਕਿ ਅਦਾਲਤ ਨੇ ਅੱਬਾਸ ਅੰਸਾਰੀ ਨੂੰ ਭਗੌੜਾ ਐਲਾਨਿਆ ਹੋਇਆ ਹੈ ਅਤੇ ਯੂ. ਪੀ. ਪੁਲਿਸ ਲਗਾਤਾਰ ਉਸਦੀ ਤਲਾਸ਼ ਕਰ ਰਹੀ ਹੈ।


COMMERCIAL BREAK
SCROLL TO CONTINUE READING

 


ਅੱਬਾਸ ਅੰਸਾਰੀ ਨੇ ਪੰਜਾਬ ਵਿਚ ਲਈ ਪਨਾਹ ?


ਮੁਖਤਾਰ ਅੰਸਾਰੀ ਨੂੰ ਬੜੇ ਹੀ ਨਾਟਕੀ ਤਰੀਕੇ ਨਾਲ ਰੋਪੜ ਜੇਲ੍ਹ ਵਿਚ ਰੱਖਿਆ ਸੀ ਜਿਸਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਜੇਲ੍ਹ ਮੰਤਰੀ ਕਈ ਵਾਰ ਆਹਮੋ-ਸਾਹਮਣੇ ਹੋਏ ਹਨ। ਹੁਣ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਦੀ ਆਖਰੀ ਲੋਕੇਸ਼ਨ ਪੰਜਾਬ ਵਿਚ ਮਿਲੀ ਹੈ। ਜਿਸਤੋਂ ਬਾਅਦ ਸਿਆਸੀ ਘੁਸਰ ਫੁਸਰ ਹੋਣੀ ਸ਼ੁਰੂ ਹੋ ਗਈ ਹੈ।ਇਹ ਚਰਚਾਵਾਂ ਚੱਲਣ ਲੱਗੀਆਂ ਹਨ ਕਿ ਸਿਆਸੀ ਸ਼ਹਿ ਹੇਠ ਅੱਬਾਸ ਅੰਸਾਰੀ ਨੂੰ ਪੰਜਾਬ ਵਿਚ ਪਨਾਹ ਦਿੱਤੀ ਗਈ ਹੈ। ਇਸਤੋਂ ਇਲਾਵਾ ਮੁਖਤਾਰ ਅੰਸਾਰੀ ਦੀ ਪੰਜਾਬ ਵਿਚ ਵੀ ਜਾਇਦਾਦ ਦੱਸੀ ਜਾ ਰਹੀ ਹੈ ਜਿਸਦੀ ਦੇਖਰੇਖ ਅੰਸਾਰੀ ਦੇ ਸਾਲੇ ਸ਼ਹਿਜਾਦ ਵੱਲੋਂ ਕੀਤੀ ਜਾ ਰਹੀ ਹੈ। ਇਹ ਵੀ ਕੜੀਆਂ ਜੋੜੀਆਂ ਜਾ ਰਹੀਆਂ ਹਨ ਕਿ ਵਪਾਰ ਦੀ ਆੜ ਹੇਠ ਅੱਬਾਸ ਅੰਸਾਰੀ ਪੰਜਾਬ ਵਿਚ ਛੁੱਪਿਆ ਹੋਵੇ।


 


ਅੱਬਾਸ ਅੰਸਾਰੀ ਮਊ ਤੋਂ ਵਿਧਾਇਕ


ਦੱਸ ਦਈਏ ਕਿ ਅੱਬਾਸ ਅੰਸਾਰੀ ਯੂ. ਪੀ. ਦੇ ਮਊ ਵਿਧਾਨ ਸਭਾ ਹਲਕੇ ਤੋਂ 2022 ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣਿਆ। ਇਹ ਸੀਟ ਪਹਿਲਾਂ ਮੁਖਤਾਰ ਅੰਸਾਰੀ ਕੋਲ ਸੀ। ਅੱਬਾਸ ਉੱਤੇ ਕਈ ਅਪਰਾਧਿਕ ਮਾਮਲ਼ਿਆਂ ਤਹਿਤ ਕੇਸ ਚੱਲ ਰਹੇ ਹਨ। ਜਿਹਨਾਂ ਵਿਚੋਂ ਇਕ ਸੀ ਅਸਲਾ ਲਾਇਸੈਂਸ ਦਾ ਦੁਰਉਪਯੋਗ ਕਰਨਾ। ਇਸ ਮਾਮਲੇ ਵਿਚ ਅੱਬਾਸ ਅੰਸਾਰੀ ਨੂੰ 25 ਅਗਸਤ ਵਿਚ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ ਉਦੋਂ ਅੱਬਾਸ ਫਰਾਰ ਚੱਲ ਰਿਹਾ ਹੈ। ਅਦਾਲਤ ਨੇ ਪੇਸ਼ ਨਾ ਹੋਣ ਦੀ ਸੂਰਤ ਵਿਚ ਉਸਨੂੰ ਭਗੌੜਾ ਐਲਾਨ ਦਿੱਤਾ। ਅੰਸਾਰੀ ਸਿਰਫ਼ ਯੂ. ਪੀ. ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਵੀ ਲੋੜੀਂਦਾ ਹੈ।