Patiala News:  ਚੋਣ ਪ੍ਰਚਾਰ ਦੇ ਅਖੀਰਲੇ ਦਿਨ ਅੱਜ ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾਬੱਸੀ ਵਿਖੇ ਵਿਸ਼ਾਲ ਜਨਸਭਾ ਅਤੇ ਨਾਭਾ ਵਿਖੇ ਵੱਡੇ ਰੋਡ ਸ਼ੋਅ ਨਾਲ਼ ਚੋਣ ਪ੍ਰਚਾਰ ਸਮਾਪਤ ਕੀਤਾ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਵੱਡੀ ਗਿਣਤੀ ਵਿੱਚ ਸਮਰਥਕ ਡਾ: ਗਾਂਧੀ ਨੂੰ ਮਿਲੇ ਅਤੇ ਵੱਡੀ ਲੀਡ ਨਾਲ਼ ਜਿਤਾਉਣ ਦਾ ਭਰੋਸਾ ਦਵਾਇਆ। ਡਾ: ਗਾਂਧੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਲੋਕਸਭਾ ਹਲਕਾ ਪਟਿਆਲਾ ਦੇ ਹਰ ਵਿਧਾਨ ਸਭਾ ਹਲਕੇ ਤੋਂ ਸਾਨੂੰ ਲੋਕਾਂ ਦੇ ਹਰ ਵਰਗ ਦਾ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਆਉਣ ਵਾਲ਼ੀ ਚਾਰ ਜੂਨ ਨੂੰ ਅਸੀਂ ਯਕੀਨਨ ਹੀ ਜਿੱਤ ਦਰਜ ਕਰਾਂਗੇ। ਉਹਨਾਂ ਕਿਹਾ ਕਿ ਇਹ ਲੜਾਈ ਦੇਸ਼ ਦਾ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦੀ ਹੈ। 


ਡਾਕਟਰ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ ਜੋ ਕਿ ਪ੍ਰਧਾਨ ਮੰਤਰੀ ਜੀ ਦੀ ਜੁਮਲੇਬਾਜ਼ੀ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ। ਇਸ ਲਈ ਪੰਜਾਬ ਕਦੇ ਵੀ ਭਾਜਪਾ ਦੀਆਂ ਫੁੱਟ ਪਾਊ ਅਤੇ ਅੰਬਾਨੀ-ਅਦਾਨੀ ਜਿਹੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਪ੍ਰਵਾਨ ਨਹੀਂ ਕਰੇਗਾ। 


ਇਸਤੋਂ ਇਲਾਵਾ ਓਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਜਿੱਥੇ ਕਿਸਾਨਾਂ ਲਈ MSP ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ, ਉੱਥੇ ਹੀ ਮਜ਼ਦੂਰਾਂ ਲਈ ਮਨਰੇਗਾ ਦੀ ਦਿਹਾੜੀ ਘੱਟੋ ਘੱਟ 400 ਰੁਪਏ ਅਤੇ ਪੂਰਾ ਸਾਲ ਕੰਮ ਦਿੱਤਾ ਜਾਵੇਗਾ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਹੋਣਗੇ। ਇਸਤੋਂ ਇਲਾਵਾ ਹਰ ਲੋੜਵੰਦ ਪਰਿਵਾਰ ਲਈ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਬੀਮਾ ਕਰਵਾਇਆ ਜਾਵੇਗਾ।


ਓਹਨਾਂ ਕਿਹਾ ਕਿ ਆਉਣ ਵਾਲ਼ੀ ਚਾਰ ਜੂਨ ਨੂੰ ਲੋਕ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ਼ ਜਿਤਾਉਣ ਲਈ ਤਿਆਰ ਬੈਠੇ ਹਨ ਅਤੇ ਅਸੀਂ ਜਿੱਤ ਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ ਸਮੇਤ ਹਰ ਲੋੜਵੰਦ ਲਈ ਡੱਟ ਕੇ ਕੰਮ ਕਰਾਂਗੇ।