ਅਸਤੀਫ਼ਾ ਦੇਣ ਮਗਰੋਂ ਸਾਬਕਾ ਮੰਤਰੀ ਫ਼ੌਜਾ ਸਿੰਘ ਸਰਾਰੀ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ!
ਫ਼ੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਨਾਲ ਜਿੱਥੇ ਆਮ ਆਦਮੀ ਪਾਰਟੀ ਸਾਖ ਬਚਾਉਣ ’ਚ ਕਾਮਯਾਬ ਹੋਈ ਹੈ, ਉੱਥੇ ਹੀ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਵੇਂ MLA ਨੂੰ ਮੌਕਾ ਮਿਲ ਸਕੇਗਾ।
Fauja Singh Srari 's resignation: ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵਲੋਂ ਅਸਤੀਫ਼ਾ ਸੌਂਪ ਦਿੱਤਾ ਗਿਆ ਹੈ, ਪਰ ਵਿਰੋਧੀ ਧਿਰਾਂ ਸਿਰਫ਼ ਅਸਤੀਫ਼ੇ ਤੋਂ ਸੰਤੁਸ਼ਟ ਨਹੀਂ ਹਨ। ਕਾਂਗਰਸ ਅਤੇ ਭਾਜਪਾ ਦੇ ਆਗੂ ਹੁਣ ਮੰਗ ਕਰ ਰਹੇ ਹਨ ਕਿ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ।
ਜੇਕਰ ਵੇਖਿਆ ਜਾਵੇਂ ਤਾਂ ਫ਼ੌਜਾ ਸਿੰਘ ਸਰਾਰੀ ’ਤੇ ਪਹਿਲਾ ਮੰਤਰੀ ਮੰਡਲ ਤੋਂ ਬਾਹਰ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਸੀ, ਹੁਣ ਉਨ੍ਹਾਂ ਵਲੋਂ ਦਿੱਤੇ ਅਸਤੀਫ਼ੇ ਨਾਲ ਜਿੱਥੇ ਆਮ ਆਦਮੀ ਪਾਰਟੀ ਆਪਣੀ ਸਾਖ ਬਚਾਉਣ ’ਚ ਕਾਮਯਾਬ ਹੋਈ ਹੈ, ਉੱਥੇ ਹੀ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਵੇਂ MLA ਨੂੰ ਮੌਕਾ ਮਿਲ ਸਕੇਗਾ।
ਉੱਧਰ ਫ਼ੌਜਾ ਸਿੰਘ ਸਰਾਰੀ ਨੇ ਨਿੱਜੀ ਕਾਰਣਾਂ ਦਾ ਹਵਾਲਾ ਦਿੰਦਿਆ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਰਹਾਂਗਾ। ਜ਼ਿਕਰਯੋਗ ਹੈ ਕਿ ਤਕਰੀਬਨ 3 ਮਹੀਨੇ ਪਹਿਲਾਂ ਸਰਾਰੀ ’ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਸਨ, ਉਨ੍ਹਾਂ ਦੀ ਆਪਣੇ PA ਨਾਲ ਗੱਲਬਾਤ ਕਰਦਿਆਂ ਦੀ ਇੱਕ ਆਡੀਓ ਕਲਿੱਪ (Audio clip) ਵਾਇਰਲ ਹੋਈ ਸੀ, ਜਿਸ ’ਚ ਉਹ ਕਥਿਤ ਤੌਰ ’ਤੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਰ ਰਹੇ ਸਨ। ਇਸ ਆਡੀਓ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਰਾ ਸਰਕਾਰ ਨੂੰ ਘੇਰ ਰਹੀਆਂ ਸਨ।
ਤੁਹਾਨੂੰ ਦੱਸ ਦੇਈਏ ਕਿ ਸਿਰਫ਼ ਫ਼ੌਜਾ ਸਿੰਘ ਸਰਾਰੀ ਹੀ ਨਹੀਂ, ਬਲਕਿ ਹੋਰਨਾਂ ਕਈਆਂ ਮੰਤਰੀਆਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਵਿਭਾਗ ਬਦਲੇ ਜਾ ਸਕਦੇ ਹਨ ਅਤੇ ਕਈ ਨਵੇਂ ਚਿਹਰੇ ਵੀ ਮੰਤਰੀ-ਮੰਡਲ ’ਚ ਸ਼ਾਮਲ ਕੀਤੇ ਜਾ ਸਕਦੇ ਹਨ। ਮਾਈਨਿੰਗ ਅਤੇ ਜੇਲ੍ਹ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ, ਇਸ ਤੋਂ ਇਲਾਵਾ ਅਨਮੋਲ ਗਗਨ ਮਾਨ ਦਾ ਵਿਭਾਗ ਵੀ ਬਦਲੇ ਜਾਣ ਦੀ ਚਰਚਾ ਹੈ।
ਸੂਤਰਾਂ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਪੰਜ ਵਜੇ ਤੋਂ ਪਹਿਲਾਂ ਰਾਜਪਾਲ ਦੀ ਰਿਹਾਇਸ਼ ’ਤੇ ਇੱਕ ਸਾਦੇ ਪ੍ਰੋਗਰਾਮ ’ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨਾਲ ਜੇਲ੍ਹ ’ਚ ਕਾਂਗਰਸੀ ਲੀਡਰਾਂ ਦੀਆਂ ਮੁਲਾਕਾਤਾਂ ਦਾ ਦੌਰ ਸ਼ੁਰੂ, ਹਾਈ ਕਮਾਨ ਵਲੋਂ ਇਸ਼ਾਰਾ!