`AAP` ਵਿਧਾਇਕ ਗੈਰੀ ਵੜਿੰਗ ਦੀ ਬਦਸਲੂਕੀ ਤੋਂ ਬਾਅਦ ਏਜੰਸੀ PUNGRAIN ਨੇ ਝੋਨੇ ਦੀ ਖ਼ਰੀਦ ਕੀਤੀ ਬੰਦ!
ਵਿਧਾਇਕ ਗੈਰੀ ਵੜਿੰਗ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਤਬਾਦਲਾ ਕਰਵਾ ਦੇਣ ਦੀ ਧਮਕੀ ਦਿੱਤੀ। MLA ਗੈਰੀ ਵੜਿੰਗ ਨੇ ਮੰਡੀ ’ਚ ਮੌਜੂਦ ਇੰਸਪੈਕਟਰ ਨੂੰ ਪੁੱਛਿਆ ਕਿ ਮੇਰੀ ਮਰਜ਼ੀ ਤੋਂ ਬਿਨਾ ਖ਼ਰੀਦ ਕਿਵੇਂ ਸ਼ੁਰੂ ਹੋ ਗਈ?
ਚੰਡੀਗੜ੍ਹ: ਸੂਬੇ ’ਚ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ’ਚ ਸੱਤਾ ਦਾ ਨਵਾਂ ਨਵਾਂ ਭੂਤ ਸਵਾਰ ਹੋਇਆ ਹੈ, ਜਿਸ ਦੇ ਚੱਲਦਿਆਂ ਆਏ ਦਿਨ ਕੋਈ ਨਾ ਕੋਈ MLA ਸੁਰਖੀਆਂ ’ਚ ਬਣਿਆ ਰਹਿੰਦਾ ਹੈ।
ਵਿਧਾਇਕ ਗੈਰੀ ਵੜਿੰਗ ਤੇ ਫ਼ੂਡ ਸਪਲਾਈ ਇੰਸਪੈਕਟਰ ਵਿਚਾਲੇ ਤਕਰਾਰ
ਹੁਣ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਖ਼ਿਲਾਫ਼ ਖਮਾਣੋ ’ਚ ਤਾਇਨਾਤ ਫ਼ੂਡ ਸਪਲਾਈ ਇੰਸਪੈਕਟਰ ਗੁਰਮੀਤ ਸਿੰਘ ਨੇ ਡੀਐੱਫ਼ਐੱਸਸੀ (DFSC) ਨੂੰ ਮੰਗ ਪੱਤਰ ਸੌਂਪਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਉਹ ਰਾਏਪੁਰ ਮਾਜਰੀ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾ ਰਹੇ ਸਨ, ਉਸ ਸਮੇਂ ਉਨ੍ਹਾਂ ਨਾਲ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਮੌਜੂਦ ਸਨ।
ਇਸ ਦੌਰਾਨ ਵਿਧਾਇਕ ਗੈਰੀ ਵੜਿੰਗ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਤਬਾਦਲਾ ਕਰਵਾ ਦੇਣ ਦੀ ਧਮਕੀ ਦਿੱਤੀ। MLA ਗੈਰੀ ਵੜਿੰਗ ਨੇ ਕਿਹਾ ਕਿ ਮੇਰੀ ਮਰਜ਼ੀ ਤੋਂ ਬਿਨਾ ਇੱਥੇ ਖ਼ਰੀਦ ਕਿਵੇਂ ਸ਼ੁਰੂ ਹੋ ਗਈ?
ਪਨਗਰੇਨ ਨੇ ਬੰਦ ਕੀਤੀ ਝੋਨੇ ਦੀ ਖ਼ਰੀਦ
ਗੈਰੀ ਵੜਿੰਗ ਵਲੋਂ ਬਦਸਲੂਕੀ ਕੀਤੇ ਜਾਣ ਤੋਂ ਬਾਅਦ ਪਨਗਰੇਨ (PUNGRAIN) ਦੁਆਰਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ’ਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ। ਇਸ ਮਾਮਲੇ ’ਚ ਪਨਗਰੇਨ ਦੀ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਗੈਰੀ ਵੜਿੰਗ ਵਲੋਂ ਸਰਕਾਰੀ ਕੰਮ ’ਚ ਵਿਘਨ ਪਾਏ ਜਾਣ ਸਬੰਧੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।