Faridkot News: ਬਰਜਿੰਦਰਾ ਕਾਲਜ `ਚ ਖੇਤੀ ਦੀ ਪੜ੍ਹਾਈ ਬੰਦ; ਵਿਦਿਆਰਥੀਆਂ ਵੱਲੋਂ ਵਿਧਾਇਕ ਦੇ ਘਰ ਦਾ ਘਿਰਾਓ
Faridkot News: ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਚ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਸ਼ਰਤਾਂ ਪੂਰੀਆ ਨਾ ਕੀਤੇ ਜਾਣ ਕਾਰਨ ਮੁਕੰਮਲ ਤੌਰ ਉਤੇ ਬੰਦ ਕੀਤੇ ਜਾਣ ਦਾ ਵਿਰੋਧ ਹੁਣ ਵਧਦਾ ਜਾ ਰਿਹਾ।
Faridkot News (ਨਰੇਸ਼ ਸੇਠੀ): ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਚ ਬੀਤੇ ਕਰੀਬ 4 ਦਹਾਕਿਆਂ ਤੋਂ ਵੀ ਪਹਿਲਾਂ ਤੋਂ ਚੱਲਦੀ ਆ ਰਹੀ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਸ਼ਰਤਾਂ ਪੂਰੀਆ ਨਾ ਕੀਤੇ ਜਾਣ ਕਾਰਨ ਮੁਕੰਮਲ ਤੌਰ ਉਤੇ ਬੰਦ ਕੀਤੇ ਜਾਣ ਦਾ ਵਿਰੋਧ ਹੁਣ ਵਧਦਾ ਜਾ ਰਿਹਾ। ਇਸ ਕੋਰਸ ਨੂੰ ਮੁੜ ਤੋਂ ਸਰਕਾਰੀ ਪੱਧਰ ਉਤੇ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੀਐਸਯੂ ਦੇ ਵਿਦਿਅਰਥੀਆਂ ਦੀ ਹਮਾਇਤ ਉਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਹਨ।
ਅੱਜ ਪੀਐਸਯੂ ਦੇ ਸੱਦੇ ਉਤੇ ਸੰਯੁਕਤ ਕਿਸਾਨ ਮੋਰਚਾ, ਪੀਐਸਯੂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਸਰਕਾਰੀ ਤੌਰ ਉਤੇ ਸਰਕਾਰੀ ਬਰਜਿੰਦਰਾ ਕਾਲਜ ਵਿਚ ਮੁੜ ਤੋਂ ਸੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਇਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਉਸ ਤੋਂ ਬਾਅਦ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੇ ਘਰ ਦਾ ਘਿਰਾਓ ਕਰ ਘਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਨਾਮ ਉਤੇ ਸੱਤਾ ਵਿਚ ਆਈ ਆਮ ਆਦਮੀਂ ਪਾਰਟੀ ਹੁਣ ਖੁਦ ਹੀ ਪੰਜਾਬ ਦੇ ਨੌਜਵਾਨਾਂ ਖਾਸ ਕਰ ਗਰੀਬ ਪਰਿਵਾਰਾਂ ਤੋਂ ਸਿੱਖਿਆ ਦਾ ਅਧਿਕਾਰ ਖੋਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 40 ਤੋਂ ਵੀ ਪਹਿਲਾਂ ਦੇ ਸਮੇਂ ਤੋਂ ਇਸ ਕਾਲਜ ਵਿਚ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਸਰਕਾਰੀ ਤੌਰ ਉਤੇ ਕਰਵਾਈ ਜਾ ਰਹੀ ਹੈ।
ਕਾਲਜ ਕੋਲ ਬੀਐਸਸੀ ਐਗਰੀਕਲਚਰ ਵਿਭਾਗ ਪਾਸ ਆਪਣੀ ਮਾਲਕੀ ਦੀ 15 ਏਕੜ ਵਾਹੀਯੋਗ ਜ਼ਮੀਨ ਵੀ ਹੈ ਪਰ ਕੁਝ ਸ਼ਰਤਾਂ ਪੂਰੀਆ ਨਾ ਕੀਤੀਆਂ ਜਾਣ ਕਾਰਨ ਹੁਣ ਇਹ ਪੜ੍ਹਾਈ ਇਥੋਂ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਗੁਰਦਿੱਤ ਸਿੰਘ ਸੇਖੋਂ ਵੱਲੋਂ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਇਥੇ ਜਾਰੀ ਰੱਖਣ ਸੰਬੰਧੀ ਭੁੱਖ ਹੜਤਾਲ ਵੀ ਕੀਤੀ ਗਈ ਸੀ ਪਰ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਨ ਪਰ ਫਿਰ ਵੀ ਇਥੋਂ ਬੀਐਸਸੀ ਐਗਰੀ ਕਲਚਰ ਦੀ ਪੜ੍ਹਾਈ ਬੰਦ ਕੀਤੀ ਗਈ ਹੈ।
ਇਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਸਰਕਾਰ ਲੋਕਾਂ ਤੋਂ ਪੜ੍ਹਾਈ ਦਾ ਹੱਕ ਖੋਹਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਫਰੀਦਕੋਟ ਦਾ ਸਰਕਾਰੀ ਬਰਜਿੰਦਰਾ ਕਾਲਜ ਹੀ ਸਰਕਾਰੀ ਖੇਤਰ ਦਾ ਇਕਲੌਤਾ ਕਾਲਜ ਸੀ ਜਿੱਥੇ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਬਹੁਤ ਘੱਟ ਫੀਸ ਖ਼ਰਚ ਕਰ ਕੇ ਕੀਤੀ ਜਾ ਸਕਦੀ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਸ਼ੈਲਫ ਫਾਇਨੈਂਸ ਸਕੀਮ ਤਹਿਤ ਲੈ ਆਉਂਦਾ ਹੈ। ਜਿਸ ਦਾ ਮਤਲਬ ਸਰਕਾਰ ਵੱਲੋਂ ਪੜ੍ਹਾਈ ਵਿਚ ਕੋਈ ਸਹਾਇਤਾ ਨਹੀਂ ਹੋਵੇਗੀ।
ਕਾਲਜ ਆਪਣੇ ਪੱਧਰ ਉਤੇ ਖਰਚੇ ਕੱਢੇਗਾ ਅਤੇ ਪੜ੍ਹਾਈ ਜਾਰੀ ਰੱਖੇਗਾ। ਜਿਸ ਨਾਲ ਕਾਲਜ ਹੁਣ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਫੀਸਾਂ ਵਸੂਲੇਗਾ ਜਿਸ ਨਾਲ ਖੇਤੀਬਾੜੀ ਦੀ ਪੜ੍ਹਾਈ ਆਮ ਬੱਚਿਆ ਦੀ ਪਹੁੰਚ ਤੋਂ ਦੂਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਜੇ ਇਥੋਂ ਦੇ ਬੱਚਿਆਂ ਨੂੰ ਖੇਤਬਾੜੀ ਸੰਬੰਧੀ ਦਿੱਤੀ ਜਾਣ ਵਾਲੀ ਸਿੱਖਿਆ ਬੰਦ ਕਰ ਦਿੱਤੀ ਜਾਵੇਗੀ ਤਾਂ ਇਸ ਨਾਲ ਕਿਸਾਨੀ ਦਾ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਮਾਮਲੇ ਬਾਰੇ ਹੋਣ ਜਾਣਕਾਰੀ ਦਿੰਦਿਆਂ ਪੀਐਸਯੂ ਦੀ ਵਿਦਿਆਰਥੀ ਆਗੂ ਨੇ ਕਿਹਾ ਕਿ ਪਹਿਲਾਂ ਗੁਰਦਿੱਤ ਸਿੰਘ ਸੇਖੋਂ ਉਨ੍ਹਾਂ ਦੇ ਨਾਲ ਹੀ ਇਹ ਸੰਘਰਸ਼ ਲੜਦੇ ਰਹੇ ਹਨ ਤੇ ਹੁਣ ਜਦੋਂ ਖੁਦ ਸੱਤਾ ਵਿਚ ਆ ਗਏ ਹਨ ਤਾਂ ਵਿਦਿਅਰਥੀਆਂ ਦੇ ਇਸ ਮਸਲੇ ਵੱਲ ਇਨ੍ਹਾਂ ਦਾ ਕੋਈ ਧਿਆਨ ਹੀ ਨਹੀਂ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਕਰੀਬ ਇਕ ਮਹੀਨਾਂ ਪਹਿਲਾਂ ਉਹ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਮਿਲੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਭਰੋਸਾ ਦਵਾਇਆ ਸੀ ਕਿ 2/4 ਦਿਨਾਂ ਦੇ ਅੰਦਰ ਅੰਦਰ ਉਹ ਇਸ ਮਸਲੇ ਦਾ ਹੱਲ ਕਰਵਾ ਦੇਣਗੇ ਪਰ ਅੱਜ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਵੀ ਕੋਈ ਹੱਲ ਨਹੀਂ ਹੋਇਆ।