Ajnala News: ਅਜਨਾਲਾ ਦੇ ਬਾਹਰ ਮਿਲੀ ਇੱਕ ਬੰਬਨੁਮਾ ਵਸਤੂ, ਇਲਾਕਾ ਸੀਲ, ਵਧਾਈ ਗਈ ਸੁਰੱਖਿਆ
Ajnala News: ਪੰਜਾਬ `ਚ ਥਾਣੇ ਦੇ ਬਾਹਰ ਬੰਬ ਵਰਗੀ ਵਸਤੂ ਮਿਲੀ ਹੈ। ਇਲਾਕਾ ਸੀਲ ਕਰ ਦਿੱਤਾ ਹੈ। ਬੰਬ ਨਿਰੋਧਕ ਦਸਤਾ ਮੌਕੇ `ਤੇ ਪਹੁੰਚਿਆ।
Ajnala News/ਭਰਤ ਸ਼ਰਮਾ: ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਥਾਣੇ ਦੇ ਬਾਹਰ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਇਹ ਉਹੀ ਥਾਣਾ ਹੈ ਜਿੱਥੇ ਫਰਵਰੀ 2023 ਵਿੱਚ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਸਾਥੀ ਨੂੰ ਛੁਡਾਉਣ ਲਈ ਹਮਲਾ ਕੀਤਾ ਸੀ। ਥਾਣੇ ਦੇ ਆਸ-ਪਾਸ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਸ ਅਧਿਕਾਰੀਆਂ ਮੁਤਾਬਕ ਜਾਂਚ ਜਾਰੀ ਹੈ। ਪੁਲਸ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਹੈ।
ਇਲਾਕੇ ਵਿਚ ਵਧਾ ਦਿੱਤੀ ਗਈ ਸੁਰੱਖਿਆ
ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸ਼ੱਕੀ ਵਸਤੂ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਥਾਣੇ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ ਕਰਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
ਬੰਬ ਨਿਰੋਧਕ ਦਸਤਾ ਇਸ ਗੱਲ ਦੀ ਜਾਂਚ ਵਿੱਚ ਰੁੱਝਿਆ ਹੋਇਆ ਹੈ ਕਿ ਕੀ ਇਹ ਬੰਬ ਵਰਗੀ ਚੀਜ਼ ਅਸਲ ਵਿੱਚ ਬੰਬ ਹੈ ਜਾਂ ਨਹੀਂ ਅਤੇ ਜੇਕਰ ਬੰਬ ਹੈ ਤਾਂ ਉਸ ਵਿੱਚ ਕਿਹੜੀ ਤਕਨੀਕ ਵਰਤੀ ਗਈ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਇਸ ਥਾਣੇ ਵਿੱਚ 2022 ਵਿੱਚ ਹੰਗਾਮਾ ਹੋ ਚੁੱਕਾ ਹੈ, ਜਿਸ ਕਾਰਨ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਥਾਣੇ ਨੂੰ ਉਡਾਉਣ ਦੀ ਸਾਜ਼ਿਸ਼ ਹੋ ਸਕਦੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਤਿਵਾਦੀ ਗਤੀਵਿਧੀਆਂ ਹੋ ਚੁੱਕੀਆਂ ਹਨ। ਅਗਸਤ 2021 ਵਿੱਚ, ਅਜਨਾਲਾ ਵਿੱਚ ਇੱਕ ਪੈਟਰੋਲ ਪੰਪ ਦੇ ਬਾਹਰ ਖੜ੍ਹੇ ਇੱਕ ਟਰੱਕ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ।