Gulab Chand Kataria: ਪੰਜਾਬ `ਚ ਚੱਲ ਰਹੇ ਸਾਰੇ ਕੇਂਦਰੀ ਪ੍ਰੋਜੈਕਟ ਬਿਨਾਂ ਦੇਰੀ ਦੇ ਮੁਕੰਮਲ ਕੀਤੇ ਜਾਣ : ਰਾਜਪਾਲ ਗੁਲਾਬ ਚੰਦ ਕਟਾਰੀਆ
Gulab Chand Kataria: ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
Gulab Chand Kataria: ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਪੰਜਾਬ ਵਿੱਚ ਚੱਲ ਰਹੇ ਕੇਂਦਰੀ ਪ੍ਰੋਜੈਕਟਾਂ ਬਾਰੇ ਪ੍ਰਗਤੀ ਰਿਪੋਰਟ ਲੈਣ ਲਈ ਰਾਸ਼ਟਰੀ ਰਾਜ ਮਾਰਗ ਅਥਾਰਟੀ, ਰੇਲਵੇ ਅਧਕਿਾਰੀਆਂ, ਏਅਰਪੋਰਟ ਅਥਾਰਟੀ ਅਤੇ ਬੀਐਸਐਨਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਰਾਜਪਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜੇ ਕਿਸੇ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਲਿਖਤੀ ਤੌਰ ਉਤੇ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਮਸਲੇ ਪਹਿਲ ਦੇ ਆਧਾਰ ਉਤੇ ਕੇਂਦਰ ਤੇ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੱਲ ਕਰਵਾਏ ਜਾ ਸਕਣ।
ਇਸ ਮੌਕੇ ਰਾਜਪਾਲ ਨੇ ਕਿਹਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਲੈਣ ਲਈ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਪ੍ਰੋਜੈਕਟਾਂ ਬਾਰੇ ਸਮੇਂ-ਸਮੇਂ ਉਤੇ ਉਨ੍ਹਾਂ ਨੂੰ ਲਿਖਤੀ ਤੌਰ ਉਤੇ ਜਾਣੂ ਕਰਵਾਇਆ ਜਾਵੇ।
ਇਸ ਮੌਕੇ ਰਾਪਜਾਲ ਵਲੋਂ ਚੰਡੀਗੜ੍ਹ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਜ਼ਿਕਰ ਕਰਨ ਉਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਚਕੂਲਾ ਤੋਂ ਸ਼ਿਮਲੇ ਨੂੰ ਜੋੜਨ ਅਤੇ ਮਾਜਰੀ ਤੋਂ ਬੱਦੀ ਨੂੰ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗਾਂ ਦੇ ਬਣਨ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਕੰਟਰੋਲ ਵਿਚ ਆ ਜਾਵੇਗੀ।
ਇਸ ਮੌਕੇ ਰਾਜਪਾਲ ਨੇ ਕਿਹਾ ਕਿ ਉਦੇਪੁਰ-ਚੰਡੀਗੜ੍ਹ-ਜੰਮੂ ਸੈਰ ਸਪਾਟੇ ਲਈ ਕਾਫੀ ਮਹੱਤਵਪੂਰਨ ਸ਼ਹਰਿ ਹਨ, ਜਿਸ ਨੂੰ ਦੇਖਦਿਆਂ ਜੰਮੂ ਤਵੀ ਰੇਲ ਨੂੰ ਰੋਜ਼ਾਨਾ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਵੇਂ ਬਣ ਰਹੇ ਅੰਮ੍ਰਿਤ ਸਟੇਸ਼ਨਾਂ ਅਤੇ ਨਵੀਆਂ ਵਿਛ ਰਹੀਆਂ ਰੇਲ ਲਾਈਨਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਤੋਂ ਸਿੱਧਾ ਸ਼ਹੀਦ ਭਗਤ ਸਿੰਘ ਅੰਤਰਾਸ਼ਟਰੀ ਏਅਰਪੋਰਟ ਨੂੰ ਜੋੜਨ ਵਾਲੀ ਪ੍ਰਸਤਾਵਿਤ ਸੜਕ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਚੰਡੀਗੜ੍ਹ ਤੋਂ ਏਅਰਪੋਰਟ ਤੱਕ 10 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ।
ਬੀਐਸਐਨਐਲ ਦੇ ਅਧਿਕਾਰੀਆਂ ਨੇ ਵੀ ਇਸ ਮੌਕੇ ਆਪਣੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੱਤੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਰਾਜਪਾਲ ਕੇ ਸਿਵਾ ਪ੍ਰਸਾਦ, ਡੀਆਰਐਮ ਅੰਬਾਲਾ ਐਮਐਸ ਭਾਟੀਆ, ਡੀਆਰਐਮ ਫਿਰੋਜ਼ਪੁਰ ਸੰਜੇ ਕੁਮਾਰ, ਰੀਜਨਲ ਅਫਸਰ ਐਨਐਚਏਆਈ ਵਿਪਨੇਸ਼ ਸ਼ਰਮਾ ਤੇ ਸੀਈਓ ਸੀਐਚਆਈਏਐਲ ਅਜੈ ਵਰਮਾ ਤੋਂ ਇਲਾਵਾ ਐਨਐਚਏਆਈ, ਰੇਲਵੇ, ਬੀਐਸਐਨਐਲ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Punjab News: ਜੇਲ੍ਹ ਚੋਂ 43 ਹਜ਼ਾਰ ਫੋਨ ਕਾਲਾਂ ਦੇ ਮਾਮਲੇ ਸਬੰਧੀ ਹਾਈਕੋਰਟ 'ਚ ਸੁਣਵਾਈ ਹੋਈ