ਚੰਡੀਗੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਖ਼ਤਮ ਕਰਕੇ ਹੁਣ ਰਸਮੀ ਤੌਰ 'ਤੇ ਭਾਜਪਾ ਵਿਚ ਸ਼ਾਮਿਲ ਹੋਣ ਜਾ ਰਹੇ ਹਨ। ਇਨ੍ਹਾਂ ਹੀ ਨਹੀਂ ਕੈਪਟਨ ਦੇ ਬੇਟੇ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ ਅਤੇ ਉਹਨਾਂ ਦਾ ਪੋਤਾ ਨਿਵਾਰਣ ਸਿੰਘ ਵੀ ਭਾਜਪਾ ਵਿਚ ਸ਼ਾਮਿਲ ਹੋਵੇਗਾ। ਜਾਣਕਾਰੀ ਮੁਤਾਬਿਕ 19 ਸਤੰਬਰ ਨੂੰ ਕੈਪਟਨ ਭਾਜਪਾ ਦੇ ਮੁੱਖ ਦਫ਼ਤਰ ਵਿਚ ਜਾ ਕੇ ਭਾਜਪਾ ਦਾ ਜੁਆਇਨ ਕਰਨਗੇ।


COMMERCIAL BREAK
SCROLL TO CONTINUE READING

 


ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ ਉਹਨਾਂ ਨੂੰ ਪਾਰਟੀ ਜੁਆਇਨ ਕਰਵਾਉਣਗੇ। ਭਾਜਪਾ ਵਲੋਂ ਉਹਨਾਂ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਪਟਨ ਦੇ ਨਾਲ ਪੰਜਾਬ ਦੇ ਕਈ ਸਾਬਕਾ ਵਿਧਾਇਕ ਵੀ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ। ਇਹਨਾਂ ਸਾਰਿਆਂ ਨੂੰ 19 ਸਤੰਬਰ ਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ।


 


ਕਾਂਗਰਸ ਨਾਲ ਪਿਆ ਸੀ ਕਲੇਸ਼


ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਕਾਂਗਰਸ ਵਿਚ ਵੱਡਾ ਨਾਂ ਸੀ।ਇਕ ਦੌਰ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਡਾਵਾਂਡੋਲ ਸਥਿਤੀ ਨੂੰ ਮੁੜ ਪੈਰਾਂ ਸਿਰ ਕੀਤਾ।ਪਰ ਚੋਣਾਂ ਤੋਂ ਪਹਿਲਾਂ ਕੈਪਟਨ ਅਤੇ ਪਾਰਟੀ ਵਿਚਕਾਰ ਰਿਸ਼ਤਿਆਂ 'ਚ ਖਟਾਸ ਆਈ ਅਤੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਫਿਰ ਕੈਪਟਨ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਆਖ ਕੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ। ਹਾਲਾਂਕਿ ਕਾਂਗਰਸ ਛੱਡਣ ਦੇ ਕਈ ਦਿਨਾਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਅਤੇ ਬਾਅਦ ਵਿਚ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।


 


ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ


ਕਾਂਗਰਸ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਵਿਧਾਨ ਸਭਾ ਚੋਣਾਂ ਵਿਚ ਮੈਦਾਨ ਵਿਚ ਉਤਰੇ ਸਨ। ਉਨ੍ਹਾਂ ਦੀ ਪਾਰਟੀ ਦੇ ਕਈ ਉਮੀਦਵਾਰਾਂ ਨੇ ਚੋਣ ਲੜੀ ਸੀ। ਪਰ ਕੈਪਟਨ ਇਨ੍ਹਾਂ ਚੋਣਾਂ ਵਿਚ ਕੁਝ ਖਾਸ ਨਹੀਂ ਦਿਖਾ ਸਕੇ। ਉਨ੍ਹਾਂ ਨੂੰ ਖੁਦ ਪਟਿਆਲਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਸੀ ਅਤੇ ਕੈਪਟਨ ਨੂੰ ਮਹਿਜ਼ 28007 ਵੋਟਾਂ ਹੀ ਮਿਲੀਆਂ। ਇਸ ਸੀਟ ਤੇ ਆਮ ਆਦਮੀ ਪਾਰਟੀ ਦੇ ਅਜੀਤ ਪਾਲ ਸਿੰਘ ਕੋਹਲੀ ਵਿਧਾਇਕ ਬਣੇ।


 


ਮਹਾਰਾਣੀ ਪ੍ਰਨੀਤ ਕੌਰ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ


ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਉਹ ਪਟਿਆਲਾ ਤੋਂ ਕਾਂਗਰਸੀ ਸਾਂਸਦ ਹਨ ਅਤੇ ਆਪਣੇ ਪਤੀ ਦੇ ਹੱਕ ਵਿਚ ਅਕਸਰ ਨਿਤਰਦੇ ਨਜ਼ਰ ਆ ਰਹੇ ਹਨ।ਪਰ ਉਹਨਾਂ ਵੱਲੋਂ ਅਜੇ ਤੱਕ ਕਾਂਗਰਸ ਪਾਰਟੀ ਨਹੀਂ ਛੱਡੀ ਗਈ। ਕਾਂਗਰਸ ਪਾਰਟੀ ਵਿਚੋਂ ਕਈ ਆਗੂਆਂ ਨੇ ਉਹਨਾਂ ਨੂੰ ਪਾਰਟੀ ਛੱਡਣ ਦੀ ਨਸੀਹਤ ਤਾਂ ਦਿੱਤੀ ਹੈ ਪਰ ਅਜੇ ਤੱਕ ਕਿਸੇ ਨੇ ਵੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਹਿੰਮਤ ਨਹੀਂ ਵਿਖਾਈ। ਜਦੋਂ ਹੁਣ ਕੈਪਟਨ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ ਤਾਂ ਅਜਿਹੇ ਵਿਚ ਪ੍ਰਨੀਤ ਕੌਰ ਦਾ ਕੀ ਸਟੈਂਡ ਹੋਵੇਗਾ ਇਹ ਜਾਣਨਾ ਬੇਹੱਦ ਅਹਿਮ ਹੋਵੇਗਾ।


 


WATCH LIVE TV