Bandh Call News:  26 ਜਨਵਰੀ ਨੂੰ ਗਣਤੰਤਰ ਦਿਵਸ ਉਤੇ ਅੰਮ੍ਰਿਤਸਰ ਵਿੱਚ ਡਾ. ਬੀਆਰ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬੀਤੇ ਦਿਨ ਐਸਸੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਬੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਿਲਸਿਲੇ 'ਚ ਅੱਜ ਜਲੰਧਰ, ਲੁਧਿਆਣਾ, ਮੋਗਾ, ਨਵਾਂਸ਼ਹਿਰ, ਫਗਵਾੜਾ ਤੇ ਹੁਸ਼ਿਆਰਪੁਰ ਦੀਆਂ ਐੱਸ.ਸੀ. ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ।


ਲੁਧਿਆਣਾ ਵਿੱਚ ਬੰਦ ਦੇ ਸੱਦੇ ਦੇ ਮੱਦੇਨਜ਼ਰ ਦੁਕਾਨਾਂ ਬੰਦ ਨਜ਼ਰ ਆਈਆਂ। ਸ਼ਹਿਰ ਦੀ ਕੋਚਰ ਮਾਰਕੀਟ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਦਿਸੀਆਂ। ਦੁਕਾਨਦਾਰਾਂ ਨੇ ਬੰਦ ਦੇ ਸੱਦੇ ਉਤੇ ਸਹਿਯੋਗ ਦਾ ਹੁੰਗਾਰਾ ਭਰਿਆ।


ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਵੱਖ-ਵੱਖ ਥਾਈਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ ਹਾਈਵੇ ਜਾਮ ਕਰ ਦਿੱਤਾ ਗਿਆ ਹੈ।


ਹੁਸ਼ਿਆਰਪੁਰ ਵਿੱਚ ਅੱਜ ਵਾਲਮੀਕਿ ਸਮਾਜ ਤੇ ਰਵਿਦਾਸੀਆ ਭਾਈਚਾਰੇ ਵੱਲੋਂ ਘੰਟਾ ਘਰ ਚੌਂਕ ਤੋਂ ਸ਼ਹਿਰ ਭਰ ਵਿਚ ਰੋਸ ਮਾਰਚ ਸ਼ਾਂਤੀ ਪੂਰਨ ਕੱਢਿਆ ਗਿਆ ਤੇ ਸ਼ਹਿਰ ਭਰ ਵਿੱਚ ਬੰਦ ਦੇ ਕਾਰਨ ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਦਿਖਾਈ ਦਿੱਤੀ ਉਥੇ ਹੀ ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਮੁਲਜ਼ਮ ਉਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਲਗਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਦਲਿਤ ਸਮਾਜ ਆਗੂ ਗਰੀਸ਼ ਮੱਲ ਨੇ ਕਿਹਾ ਕਿ ਇਸ ਘਿਨੌਣੇ ਕਾਂਡ ਪਿੱਛੇ ਜੋ ਵੀ ਵਿਅਕਤੀ ਹੈ ਸਰਕਾਰ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰੇ ਕਿਉਂਕਿ ਇਹ ਕੰਮ ਕਿਸੇ ਇਕੱਲੇ ਵਿਅਕਤੀ ਦਾ ਨਹੀਂ ਹੈ।


ਮੋਗਾ ਬੰਦ ਕਾਲ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਚੱਪੇ ਚੱਪੇ ਉਤੇ ਪੁਲਿਸ ਬਲ ਤਾਇਨਾਤ ਹੈ। ਇਸ ਤੋਂ ਇਲਾਵਾ ਜਲੰਧਰ ਵਿੱਚ ਬੰਦ ਦੀ ਕਾਲ ਮਗਰੋਂ ਕਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।


ਮੈਡੀਕਲ ਅਤੇ ਯੂਨੀਵਰਸਿਟੀ ਦੇ ਇਮਤਿਹਾਨਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਹਨ। ਸਰਕਾਰੀ ਬੱਸਾਂ, ਸਰਕਾਰੀ ਦਫ਼ਤਰ ਅਤੇ ਸੇਵਾ ਕੇਂਦਰ ਵੀ ਖੁੱਲ੍ਹੇ ਹਨ।