Amritsar News: ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ
Amritsar News: ਅੰਮ੍ਰਿਤਸਰ ਪੁਲਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Amritsar News (ਪਰਮਬੀਰ ਔਲਖ): ਕਈ ਲੋਕ ਆਪਣੇ ਇਲਾਕੇ ਵਿੱਚ ਆਪਣੀ ਟੌਹਰ ਬਣਾਉਣ ਲਈ ਹਥਿਆਰ ਰੱਖਣ ਦੇ ਸ਼ੌਕੀਨ ਹੁੰਦੇ ਹਨ। ਹਥਿਆਰ ਰੱਖਣ ਲਈ ਅਸਲਾ ਲਾਇਸੈਂਸ ਬਣਾਉਣਾ ਪੈਂਦਾ ਹੈ ਪਰ ਅੰਮ੍ਰਿਤਸਰ 'ਚ ਕੁਝ ਲੋਕ ਅਜਿਹੇ ਹਨ ਜੋ ਕਿ ਜਾਅਲੀ ਅਸਲਾ ਲਾਇਸੈਂਸ ਬਣਾ ਕੇ ਹਥਿਆਰ ਰੱਖਦੇ ਸਨ ਜਿਨ੍ਹਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਦੀ ਪੁਲਿਸ ਵੱਲੋਂ ਕਿਸੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਉੱਪਰ ਅਪਰਾਧਿਕ ਮਾਮਲੇ ਦਰਜ ਹਨ ਤੇ ਉਸ ਕੋਲ ਅਸਲੇ ਦਾ ਲਾਇਸੈਂਸ ਹੈ। ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤੇ ਇਹ ਪਾਇਆ ਗਿਆ ਕਿ ਇਹ ਅਸਲਾ ਲਾਇਸੈਂਸ ਤਰਨਤਾਰਨ ਇਲਾਕੇ ਵਿਚੋਂ ਬਣਾਇਆ ਗਿਆ ਹੈ ਤੇ ਇਹ ਅਸਲਾ ਲਾਇਸੈਂਸ ਪੂਰੀ ਤਰੀਕੇ ਜਾਅਲੀ ਹੈ ਤੇ ਇਸ ਦੇ ਉੱਪਰ ਹਥਿਆਰ ਨੂੰ ਵੀ ਚੜ੍ਹਾਇਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਤੱਕ ਕੁੱਲ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਛੇ ਲੋਕ ਉਹ ਹਨ ਜਿਨ੍ਹਾਂ ਨੇ ਨਕਲੀ ਅਸਲਾ ਲਾਇਸੈਂਸ ਬਣਵਾਏ ਸਨ। ਦੋ ਲੋਕ ਉਹ ਹਨ ਜਿਨ੍ਹਾਂ ਵੱਲੋਂ ਨਕਲੀ ਅਸਲਾ ਲਾਇਸੈਂਸ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਜਿਨ੍ਹਾਂ ਵਿੱਚ ਇੱਕ ਤਰਨਤਾਰਨ ਦੇ ਸੇਵਾ ਕੇਂਦਰ ਦਾ ਮੁਲਾਜ਼ਮ ਵੀ ਸ਼ਾਮਿਲ ਹੈ।
ਉਨ੍ਹਾਂ ਨੇ ਕਿਹਾ ਸੇਵਾ ਕੇਂਦਰ ਦਾ ਮੈਨੇਜਰ ਸੂਰਜ ਭੰਡਾਰੀ ਇਸ ਗਿਰੋਹ ਦਾ ਕਿੰਗ ਪਿਨ ਸੀ ਤੇ ਫਿਲਹਾਲ ਉਹ ਪੁਲਿਸ ਦੀ ਗ੍ਰਿਫਤਾਰੀ ਵਿੱਚੋਂ ਫ਼ਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਹੁਣ ਤੱਕ ਛੇ ਅਸਲਾ ਲਾਇਸੈਂਸ ਨਕਲੀ ਪਾਏ ਗਏ ਹਨ ਤੇ ਉਨ੍ਹਾ ਅਸਲਾ ਲਾਇਸੈਂਸ ਬਣਾਉਣ ਵਾਲੇ ਵਿਅਕਤੀਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਇਸ ਗਿਰੋਹ ਦੇ ਕਿੰਗ ਪਿੰਨ ਸੂਰਜ ਭੰਡਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਾਬਿਲੇਗੌਰ ਹੈ ਕਿ ਪਿਛਲੇ ਦਿਨੀ ਤਰਨ ਤਾਰਨ ਦੇ ਸੀਆਈਏ ਸਟਾਫ ਨਕਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਨਕਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਪਰ ਅੰਮ੍ਰਿਤਸਰ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਤਰਨਤਾਰਨ ਪੁਲਿਸ ਵੱਲੋਂ ਫੜੇ ਵਿਅਕਤੀਆਂ ਨਾਲ ਕੋਈ ਵੀ ਸੰਬੰਧ ਅਜੇ ਤੱਕ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ : Unnao Accident: ਉਨਾਓ 'ਚ ਦਰਦਨਾਕ ਹਾਦਸਾ, ਬੱਸ ਨਾਲ ਦੁੱਧ ਦੇ ਟੈਂਕਰ ਦੀ ਟੱਕਰ, 18 ਯਾਤਰੀਆਂ ਦੀ ਮੌਤ