ਚੰਡੀਗੜ੍ਹ- ਅੰਮ੍ਰਿਤਸਰ ਵਿੱਚ ਨਿੱਜੀ  ਸਕੂਲ ਪ੍ਰਬੰਧਕ ਨੂੰ ਮੋਬਾਈਲ 'ਤੇ ਮੈਸੈਜ ਰਾਹੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਤੁਰੰਤ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ 6 ਘੰਟਿਆਂ ਦੇ ਅੰਦਰ ਹੀ ਪਤਾ ਲਗਾਇਆ ਗਿਆ ਕਿ ਇਹ ਮੈਸੇਜ ਸਕੂਲ ਦੇ ਹੀ 2 ਵਿਦਿਆਰਥੀਆਂ ਨੇ ਭੇਜੇ ਸਨ। ਜਿਸ ਦਾ ਕਾਰਨ ਜਾਣ ਕੇ ਪੁਲਿਸ ਪ੍ਰਸ਼ਾਸਨ ਤੇ ਸਕੂਲ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਸਕੂਲ ਵਿਦਿਆਰਥੀਆਂ ਦਾ ਇਹ ਕਾਰਾ ਦੇਖ ਕੇ ਸਭ ਹੈਰਾਨ ਰਹਿ ਗਏ। 


COMMERCIAL BREAK
SCROLL TO CONTINUE READING

ਦਰਅਸਲ ਸਕੂਲ ਦੇ ਦੋ ਵਿਦਿਆਰਥੀਆਂ ਵੱਲੋਂ ਆਪਣਾ ਗਣਿਤ ਦਾ ਪੇਪਰ ਨਾ ਦੇਣ ਲਈ ਛੁੱਟੀ ਕਰਵਾਉਣ ਨੂੰ ਲੈ ਕੇ ਸਕੂਲ ਪ੍ਰਬੰਧਕ ਨੂੰ ਬੰਬ ਨਾਲ ਉਡਾਉਣ ਦਾ ਮੈਸੈਜ ਭੇਜਿਆ ਗਿਆ ਸੀ। ਪੁਲਿਸ ਵੱਲੋਂ 6 ਘੰਟੇ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਹ ਮੈਸੇਜ ਸਕੂਲ ਦੇ ਹੀ ਵਿਦਿਆਰਥੀਆਂ ਵੱਲੋਂ ਭੇਜਿਆ ਗਿਆ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਵਿਦਿਆਰਥੀ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਜਿਹੜੇ ਸਿਮ ਤੋਂ ਮੈਸੇਜ ਭੇਜਿਆ ਗਿਆ ਉਹ ਵਿਦਿਆਰਥੀ ਦੇ ਪਿਤਾ ਦੇ ਨਾਮ 'ਤੇ ਸੀ। ਪੁਲਿਸ ਵੱਲੋਂ ਝੂਠੀਆਂ ਅਫਵਾਹਾਂ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪਹੁੰਚਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। 


ਦੱਸਦੇਈਏ ਕਿ ਇਸ ਤੋਂ 5 ਦਿਨ ਪਹਿਲਾ ਵੀ ਡੀ. ਏ. ਵੀ, ਸਕੂਲ ਦੇ ਤਿੰਨ 9ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਵੀ ਬੰਬ ਨਾਲ ਉਡਾਉਣ ਤੇ ਗੋਲੀਆਂ ਚਲਾਉਣ ਦੀ ਪੋਸਟ ਵਾਈਰਲ ਕੀਤੀ ਗਈ ਸੀ। 5 ਦਿਨਾਂ ਦੇ ਅੰਦਰ ਇਹ ਦੂਸਰੀ ਘਟਨਾ ਹੈ ਜਦੋਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੀ ਅਜਿਹੀ ਧਮਕੀ ਦਿੱਤੀ ਗਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਸਕੂਲ ਵਿਦਿਆਰਥੀਆਂ ਦੇ ਬੈੱਗ ਵੀ ਚੈੱਕ ਕੀਤੇ ਗਏ ਅਤੇ ਸਕੂਲ ਦੇ ਆਸ ਪਾਸ ਇਲਾਕਿਆ ਵਿੱਚ ਤਲਾਸ਼ੀ ਵੀ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਬੱਚਿਆਂ ਨੂੰ ਦੁਬਾਰਾ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।