Anmol Gagan Maan Marriage: ਪੰਜਾਬੀ ਗਾਇਕੀ ਵਿੱਚ ਆਪਣੇ ਜੌਹਰ ਦਿਖਾਉਣ ਮਗਰੋਂ ਸਿਆਸਤ ਵਿੱਚ ਪੈਰ ਰੱਖਣ ਵਾਲੀ ਅਨਮੋਲ ਗਗਨ ਮਾਨ 16 ਜੂਨ ਨੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਰਅਸਲ ਵਿੱਚ ਗਗਨ ਮਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਗਗਨ ਮਾਨ ਦਾ ਪਿਛੋਕੜ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹੈ।


COMMERCIAL BREAK
SCROLL TO CONTINUE READING

ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਦੀ ਰਹਿਣ ਵਾਲੀ ਹੈ ਤੇ ਉਸ ਨੇ ਆਪਣਾ ਜ਼ਿਆਦਾ ਸਮਾਂ ਚੰਡੀਗੜ੍ਹ ਵਿੱਚ ਹੀ ਬਤੀਤ ਕੀਤਾ ਹੈ। ਉਨ੍ਹਾਂ ਦੇ ਦਾ ਵਿਆਹ ਜ਼ੀਰਕਪੁਰ ਦੇ ਬਲਟਾਣਾ ਦੇ ਨਾਮੀ ਸੋਹੀ ਪਰਿਵਾਰ ਦੇ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਤੈਅ ਹੋਇਆ ਹੈ ਜੋ ਇਨ੍ਹੀਂ ਦਿਨੀਂ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ-3 ਵਿੱਚ ਰਹਿ ਰਹੇ ਹਨ। ਸੋਹੀ ਪਰਿਵਾਰ ਦਾ ਪਿਛੋਕੜ ਵੀ ਮਲੋਟ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਦੋਵੇਂ ਦੇ ਪਰਿਵਾਰ ਬੜੇ ਚਾਵਾਂ ਵਿਆਹ ਦੀਆਂ ਤਿਆਰੀਆਂ ਨੇਪਰੇ ਚਾੜ ਰਹੇ ਹਨ।


ਸੋਹੀ ਪਰਿਵਾਰ ਨੇ ਕੈਪਟਨ ਕੰਵਲਜੀਤ ਸਿੰਘ ਨੂੰ ਦਿੱਤੀ ਸੀ ਟੱਕਰ


ਸ਼ਾਹਬਾਜ਼ ਸੋਹੀ ਦੇ ਪਿਤਾ ਰਾਵਿੰਦਰ ਸਿੰਘ ਕੁੱਕੂ ਸੋਹੀ ਹਲਕਾ ਡੇਰਾਬੱਸੀ ਤੋਂ (ਉਸ ਵੇਲੇ ਹਲਕਾ ਬਨੂੜ) ਤੋਂ ਕਾਂਗਰਸੀ ਆਗੂ ਰਹੇ ਹਨ ਜਿਨ੍ਹਾਂ ਦੀ ਸਾਲ 2002 ਦੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਚਨਚੇਤ ਮੌਤ ਹੋ ਗਈ ਸੀ। ਸਾਲ 2002 ਦੀਆਂ ਚੋਣਾਂ ਦੌਰਾਨ ਸ਼ਾਹਬਾਜ਼ ਸੋਹੀ ਦੀ ਮਾਤਾ ਅਤੇ ਕੁੱਕੂ ਸੋਹੀ ਦੀ ਪਤਨੀ ਸ਼ੀਲਮ ਸੋਹੀ ਕਾਂਗਰਸ ਪਾਰਟੀ ਵੱਲੋਂ ਉਸ ਵੇਲੇ ਅਕਾਲੀ ਦਲ ਦੇ ਵੱਡੇ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਖ਼ਿਲਾਫ਼ ਬਨੂੜ ਵਿਧਾਨ ਸਭਾ ਹਲਕਾ ਤੋਂ ਚੋਣ ਲੜੇ ਸਨ ਜੋ ਸਿਰਫ਼ 714 ਵੋਟਾਂ ਨਾਲ ਹਾਰ ਗਏ ਸਨ।


ਸ਼ਾਹਬਾਜ਼ ਸੋਹੀ ਦੇ ਦਾਦਾ ਮਰਹੂਮ ਬਲਬੀਰ ਸਿੰਘ ਬਲਟਾਣਾ ਬਨੂੜ ਹਲਕੇ ਤੋਂ ਆਜ਼ਾਦ ਤੌਰ ਉਤੇ ਵਿਧਾਇਕ ਰਹੇ ਸਨ। ਸ਼ਾਹਬਾਜ਼ ਸੋਹੀ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ ਜੋ ਹੁਣ ਆਪਣੇ ਪਰਿਵਾਰ ਦਾ ਪ੍ਰਾਪਰਟੀ ਦਾ ਕਾਰੋਬਾਰ ਦੇਖ ਰਹੇ ਹਨ। ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਇਸ ਪਰਿਵਾਰ ਦੀ ਚੰਗੀ ਜ਼ਮੀਨ- ਜਾਇਦਾਦ ਹੈ ਅਤੇ ਪੰਚਕੂਲਾ ਸੜਕ ਉਤੇ 10 ਏਕੜ ਵਿੱਚ ਸੋਹੀ ਬੈਂਕੁਇਟ ਦਾ ਨਿਰਮਾਣ ਕੀਤਾ ਗਿਆ ਹੈ।


ਨਾਭਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਹੋਣਗੀਆਂ ਲਾਵਾਂ


ਇਸ ਸਬੰਧੀ ਸ਼ੀਲਮ ਸੋਹੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ 16 ਜਨ ਨੂੰ ਸਾਦਗੀ ਨਾਲ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਦੋਵੇਂ ਜਣੇ ਲਾਵਾਂ ਲੈਣਗੇ। ਇਸ ਮਗਰੋਂ ਇੱਕ ਨਿੱਜੀ ਪੈਲੇਸ ਵਿੱਚ ਕੁਝ ਖਾਸ ਮਹਿਮਾਨਾਂ ਲਈ ਦਾਅਵਤ ਰੱਖੀ ਗਈ ਹੈ। ਜਿਥੇ ਤਿਆਰੀਆਂ ਕਾਫੀ ਜ਼ੋਰਾਂ ਉਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਿਆਹ ਦੋਵਾਂ ਪਰਿਵਾਰਾਂ ਦੇ ਸਾਂਝੇ ਮਿੱਤਰ ਦੇ ਉਦਮ ਸਦਕਾ ਨੇਪਰੇ ਚੜ੍ਹ ਰਿਹਾ ਹੈ।


ਅਨਮੋਲ ਗਗਨ ਮਾਨ ਨੇ 2022 ਵਿੱਚ ਖਰੜ ਵਿਧਾਨ ਸਭਾ ਚੋਣ ਜਿੱਤੀ ਸੀ


ਦੱਸਣਾ ਬਣਦਾ ਹੈ ਕਿ ਅਨਮੋਲ ਗਗਨ ਮਾਨ ਨੇ ਸਾਲ 2022 ਦੀ ਖਰੜ ਵਿਧਾਨ ਸਭਾ ਚੋਣ ਜਿੱਤੀ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਮਾਨ ਕੋਲ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ, ਨਿਵੇਸ਼ ਪ੍ਰਮੋਸ਼ਨ, ਲੇਬਰ, ਸ਼ਿਕਾਇਤ ਨਿਵਾਰਣ ਤੇ ਪ੍ਰਾਹੁਣਚਾਰੀ ਮੰਤਰਾਲੇ ਦਾ ਚਾਰਜ ਹੈ।


ਰਾਜਨੀਤੀ 'ਚ ਆਉਣ ਤੋਂ ਪਹਿਲਾਂ ਪੰਜਾਬੀ ਗਾਇਕੀ ਵਿੱਚ ਦਿਖਾਏ ਜੌਹਰ


ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਅਨਮੋਲ ਇੱਕ ਪ੍ਰਸਿੱਧ ਪੰਜਾਬੀ ਗਾਇਕ ਸੀ, ਜਿਸ ਨੇ 'ਸ਼ੇਰਨੀ', 'ਕੋਲਾ ਵਰਸਿਜ਼ ਮਲਿਕ' ਤੇ 'ਸੂਟ' ਵਰਗੇ ਗੀਤ ਗਾਏ ਸਨ। ਜਦੋਂ ਪਾਰਟੀ ਨੇ ਰਾਜ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਨੇ ਚੋਣ ਪ੍ਰਚਾਰ ਦੌਰਾਨ 'ਆਪ' ਲਈ ਗੀਤ ਵੀ ਗਾਏ। 2014 ਤੋਂ ਬਾਅਦ ਉਹ ਇੱਕ ਸਰਗਰਮ ਪਾਰਟੀ ਮੈਂਬਰ ਬਣ ਗਈ ਤੇ ਇੱਕ ਵਲੰਟੀਅਰ ਵਜੋਂ ਕੰਮ ਕੀਤਾ।