Punjab Chief Secretary: ਪੰਜਾਬ ਦੇ ਨਵਨਿਯੁਕਤ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸ਼ਨਿੱਚਰਵਾਰ ਨੂੰ ਛੁੱਟੀ ਵਾਲੇ ਦਿਨ ਅਹੁਦਾ ਸੰਭਾਲ ਲਿਆ। ਵਰਮਾ ਨੇ ਕਈ ਸੀਨੀਅਰ ਅਧਿਕਾਰੀਆਂ ਨੂੰ ਪਛਾੜ ਕੇ ਇਹ ਅਹੁਦਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਦੀ ਦੌੜ ਵਿੱਚ ਅਨੁਰਾਗ ਵਰਮਾ ਤੋਂ ਇਲਾਵਾ 1992 ਬੈਚ ਦੇ ਆਈਏਐਸ ਅਧਿਕਾਰੀ ਕੇਏਪੀ ਸਿਨਹਾ, 1990 ਬੈਚ ਦੇ ਆਈਏਐਸ ਅਧਿਕਾਰੀ ਵੀਕੇ ਸਿੰਘ, ਅਨਿਰੁਧ ਤਿਵਾੜੀ, ਵਿਨੀ ਮਹਾਜਨ, ਅੰਜਲੀ ਭਾਵਰਾ, ਰਵਨੀਤ ਕੌਰ ਸ਼ਾਮਲ ਸਨ। ਅਨੁਰਾਗ ਵਰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ।


COMMERCIAL BREAK
SCROLL TO CONTINUE READING

ਅਨੁਰਾਗ ਵਰਮਾ ਦਾ ਜੱਦੀ ਪਿੰਡ ਪਟਿਆਲਾ ਜ਼ਿਲ੍ਹੇ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਵਰਮਾ ਨੇ 1993 ਵਿੱਚ ਯੂਪੀਐਸਸੀ ਦੀ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 7ਵਾਂ ਸਥਾਨ ਹਾਸਲ ਕੀਤਾ ਸੀ। ਦੇਸ਼ ਦੀ ਸੇਵਾ ਕਰਨ ਦੇ ਅਟੁੱਟ ਸੰਕਲਪ ਦੇ ਨਾਲ ਅਨੁਰਾਗ ਵਰਮਾ ਨੇ ਵੱਕਾਰੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ।


ਵਰਮਾ ਦੇ ਵਿਆਪਕ ਗਿਆਨ, ਵਿਸ਼ਲੇਸ਼ਣਾਤਮਕ ਸੋਚ ਅਤੇ ਬੇਮਿਸਾਲ ਲੀਡਰਸ਼ਿਪ ਹੁਨਰ ਨੇ ਆਈਏਐਸ ਵਿੱਚ ਇੱਕ ਪ੍ਰਤਿਸ਼ਠਾਵਾਨ ਸਥਿਤੀ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਸਫਲਤਾ ਦਾ ਰਾਹ ਪੱਧਰਾ ਕਰ ਦਿੱਤਾ। ਇੱਕ ਮਜ਼ਬੂਤ ​​ਅਕਾਦਮਿਕ ਪਿਛੋਕੜ ਤੇ ਰਾਸ਼ਟਰ ਦੀ ਸੇਵਾ ਕਰਨ ਦੇ ਜਨੂੰਨ ਦੇ ਨਾਲ, ਵਰਮਾ ਆਪਣੇ ਖੇਤਰ ਵਿੱਚ ਇੱਕ ਨੇਤਾ ਦੇ ਰੂਪ ਵਿੱਚ ਉਭਰੇ ਹਨ।


ਵਰਮਾ ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਗ੍ਰਹਿ, ਉਦਯੋਗ ਤੇ ਕਾਮਰਸ, ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤਕਨਾਲੋਜੀ ਤੇ ਨਿਵੇਸ਼ ਪ੍ਰੋਤਸਾਹਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤਾਂ, ਆਬਕਾਰੀ ਤੇ ਕਰ ਅਤੇ ਮਾਲ ਵਿਭਾਗ 'ਚ ਬਿਹਤਰੀਨ ਸੇਵਾਵਾਂ ਨਿਭਾਈਆਂ। ਵਿਸ਼ੇਸ਼ ਸਕੱਤਰ ਮਾਲ ਵਜੋਂ ਨਵੀਂ ਪਹਿਲ ਕਰਦਿਆਂ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਤੇ ਫ਼ਰਦ ਕੇਂਦਰਾਂ ਦੀ ਸ਼ੁਰੂਆਤ ਕੀਤੀ। ਆਬਕਾਰੀ ਤੇ ਕਰ ਕਮਿਸ਼ਨਰ ਵਜੋਂ ਲੋਕਾਂ ਲਈ ਕਰ ਭਰਨ ਦੀ ਪ੍ਰਕਿਰਿਆ ਸਰਲ ਬਣਾਉਦਿਆਂ ਮਾਲੀਆ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ।


ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਦੇ ਅਹੁਦੇ ਉਪਰ ਰਹਿੰਦਿਆਂ ਪਿੰਡਾਂ ਲਈ ਅਹਿਮ ਸਕੀਮ ਮਗਨਰੇਗਾ ਨੂੰ ਸਫਲਤਾਪੂਰਵਕ ਤਰੀਕੇ ਨਾਲ ਲਾਗੂ ਕੀਤਾ ਤੇ 1000 ਤੋਂ ਵੱਧ ਪਿੰਡਾਂ ਵਿੱਚ ਸਿਹਤਮੰਦ ਮਾਹੌਲ ਸਿਰਜਦਿਆਂ ਖੇਡ ਮੈਦਾਨ ਤੇ ਖੇਡ ਪਾਰਕ ਬਣਾਏ। ਹੈਡਕੁਆਟਰ ਵਿੱਚ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਫੀਲਡ ਪੋਸਟਿੰਗ ਦੌਰਾਨ ਅਨੁਰਾਗ ਵਰਮਾ ਨੇ ਬਠਿੰਡਾ, ਲੁਧਿਆਣਾ ਤੇ ਜਲੰਧਰ ਜਿਹੇ ਅਹਿਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਬਿਹਤਰ ਤੇ ਕੁਸ਼ਲ ਭਰਪੂਰ ਸੇਵਾਵਾਂ ਨਿਭਾਈਆਂ।


ਇਹ ਵੀ ਪੜ੍ਹੋ : Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ